ਲੁਧਿਆਣਾ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੇਸ ਜਿੱਥੇ ਲਗਾਤਾਰ ਵਧ ਰਹੇ ਹਨ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਵਿੱਚ ਕਰਫਿਊ ਵਿੱਚ ਢਿੱਲ ਦੇਣ ਦਾ ਫੈਸਲਾ ਲਿਆ ਗਿਆ ਹੈ ਜਿਸ ਦੇ ਤਹਿਤ ਜੇਕਰ ਗੱਲ ਲੁਧਿਆਣਾ ਦੀ ਤਾਂ ਅੱਜ ਸਵੇਰੇ 7 ਵਜੇ ਦੁਕਾਨਾਂ ਖੁੱਲ੍ਹ ਗਈਆਂ ਜਿੱਥੇ ਬਹੁਤੇ ਲੋਕਾਂ ਦੀ ਭੀੜ ਨਹੀਂ ਦਿਖਾਈ ਦਿੱਤੀ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਸਾਫ਼ ਕਰ ਦਿੱਤਾ ਹੈ ਕਿ ਸਿਰਫ ਉਨ੍ਹਾਂ ਦੁਕਾਨਾਂ ਨੂੰ ਹੀ ਖੋਲ੍ਹਣ ਦੀ ਇਜਾਜ਼ਤ ਹੈ ਜਿਨ੍ਹਾਂ ਨੂੰ ਹੋਮ ਡਲਿਵਰੀ ਲਈ ਪਹਿਲਾਂ ਹੀ ਪਾਸ ਜਾਰੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਦੁਕਾਨਾਂ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਕਾਊਂਟਰ ਸੇਲ ਕਰਨਗੇ ਅਤੇ ਉਸ ਤੋਂ ਬਾਅਦ ਹੋਮ ਡਿਲੀਵਰੀ ਜਾਰੀ ਰੱਖਣਗੇ।
ਇਸ ਸਬੰਧੀ ਜਦੋਂ ਕਲੋਨੀਆਂ ਵਿੱਚ ਜਾ ਕੇ ਜਾਇਜ਼ਾ ਲਿਆ ਤਾਂ ਕਲੋਨੀਆ ਵਿੱਚ ਕਰਿਆਨੇ ਦੀਆਂ ਦੁਕਾਨਾਂ ਜ਼ਰੂਰ ਖੁੱਲ੍ਹੀਆਂ ਨਜ਼ਰ ਆਈਆਂ ਪਰ ਇਨ੍ਹਾਂ ਉੱਤੇ ਬਹੁਤੀ ਭੀੜ ਨਹੀਂ ਸੀ ਕਿਉਂਕਿ ਜਿਵੇਂ-ਜਿਵੇਂ ਮਾਮਲੇ ਪੰਜਾਬ ਵਿੱਚ ਵਧ ਰਹੇ ਹਨ ਲੋਕਾਂ ਵਿੱਚ ਹਾਲੇ ਡਰ ਦਾ ਮਾਹੌਲ ਹੈ ਇਸ ਕਰਕੇ ਲੋਕ ਬਹੁਤੇ ਘਰ ਤੋਂ ਬਾਹਰ ਨਹੀਂ ਨਿਕਲ ਰਹੇ।
ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਗ੍ਰਾਹਕਾਂ ਨੂੰ ਦੂਰ-ਦੂਰ ਖੜ੍ਹੇ ਰਹਿ ਕੇ ਆਪਣੀ ਵਾਰੀ ਦੀ ਉਡੀਕ ਕਰਕੇ ਹੀ ਸਾਮਾਨ ਲੈਣ ਲਈ ਕਿਹਾ ਜਾ ਰਿਹਾ ਹੈ। ਉੱਧਰ ਸਮਾਨ ਖਰੀਦਣ ਆਏ ਗ੍ਰਾਹਕਾਂ ਨੇ ਵੀ ਦੱਸਿਆ ਕਿ ਲੋਕਾਂ ਨੂੰ ਆਪਸ ਵਿੱਚ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਹੀ ਢਿੱਲ ਦਾ ਕੋਈ ਫਾਇਦਾ ਨਹੀਂ ਹੋਵੇਗਾ ਤੇ ਕੇਸ ਹੋਰ ਵੱਧ ਸਕਦੇ ਹਨ।
ਦੂਜੇ ਪਾਸੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਇਹ ਸਾਫ ਕਰ ਦਿੱਤਾ ਹੈ ਕਿ ਲੁਧਿਆਣਾ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਸਿਰਫ ਉਨ੍ਹਾਂ ਹੀ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਪਾਸ ਜਾਰੀ ਕੀਤੇ ਗਏ ਹਨ ਜਾਂ ਜੋ ਦੁਕਾਨਾਂ ਪਹਿਲਾਂ ਹੀ ਲੋਕਾਂ ਦੇ ਘਰਾਂ ਤੱਕ ਡਲਿਵਰੀ ਕਰ ਰਹੀਆਂ ਹਨ।