ਲੁਧਿਆਣਾ: ਜੰਮੂ-ਕਸ਼ਮੀਰ 'ਚ ਧਾਰਾ 35ਏ ਖ਼ਤਮ ਕਰਨ ਸਬੰਧੀ ਅਫਵਾਹਾਂ ਦਾ ਬਜ਼ਾਰ ਗਰਮ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ 'ਚ ਹਾਲਾਤ ਗੰਭੀਰ ਬਣੇ ਹੋਏ ਹਨ। ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ ਦੇ ਡਰ ਤੋਂ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਜਲਦੀ ਤੋਂ ਜਲਦੀ ਘਾਟੀ ਛੱਡਣ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ ਪੂਰੇ ਭਾਰਤ 'ਚ ਪਾਕਿਸਤਾਨ ਦਾ ਵਿਰੋਧ ਹੋ ਰਿਹਾ ਹੈ।
ਖੰਨਾ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਦੇ ਵਰਕਰਾਂ ਨੇ ਪਾਕਿਸਤਾਨ ਦੇ ਵਿਰੁੱਧ ਪ੍ਰਦਰਸ਼ਨ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਾਕਿਸਤਾਨ ਵਿਰੁੱਧ ਰੋਸ਼ ਪ੍ਰਦਸ਼ਨ ਕਰਦੇ ਹੋਏ ਸ਼ਿਵ ਸੈਨਾ ਹਿੰਦੁਸਤਾਨ ਦੇ ਵਰਕਰਾਂ ਨੇ ਪਾਕਿਸਤਾਨ ਦਾ ਝੰਡਾ ਸਾੜਿਆ ਅਤੇ ਪਾਕਿਸਤਾਨ ਦੀਆਂ ਗਲਤ ਨੀਤੀਆਂ ਦੇ ਵਿਰੁੱਧ ਨਾਰੇਬਾਜ਼ੀ ਕੀਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਹਿੰਦੁਸਤਾਨ ਦੇ ਚੇਅਰਮੈਨ ਰਾਮ ਚੰਦਰ ਨੇ ਦੱਸਿਆ ਕਿ ਪਾਕਿਸਤਾਨ ਆਪਣੀਆਂ ਗਲਤ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ, ਜਿਸ ਦਾ ਸ਼ਿਵ ਸੈਨਾ ਹਿੰਦੁਸਤਾਨ ਵਿਰੋਧ ਕਰਦਾ ਹੈ। ਇਸ ਲਈ ਪਾਰਟੀ ਨੇ ਪਾਕਿਸਤਾਨ ਦਾ ਝੰਡਾ ਜਲਾ ਕੇ ਆਪਣਾ ਰੋਸ਼ ਪ੍ਰਗਟਵਾ ਕੀਤਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਦੀਆਂ ਗਲਤ ਨੀਤੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਕਿਉਂ ਕੀਤਾ ਜਾ ਰਿਹਾ ਹੈ ਪਾਕਿ ਦਾ ਵਿਰੋਧ?
ਭਾਰਤੀ ਖੂਫਿਆ ਏਜੰਸੀਆਂ ਵੱਲੋਂ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਦਾ ਖਦਸ਼ਾ ਜਾਤਾਇਆ ਗਿਆ ਹੈ। ਪਾਕਿ ਦੇ ਘੁਸ਼ਪੈਠੀ ਲਗਾਤਾਰ ਭਾਰਤ ਦੇ ਸਰਹੱਦੀ ਖੇਤਰ ਵਿੱਚ ਘੁਸ਼ਪੈਠ ਕਰ ਰਹੇ ਹਨ। ਉਥੇ ਹੀ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਨਾ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਜਲਦੀ ਤੋਂ ਜਲਦੀ ਘਾਟੀ ਛੱਡਣ ਲਈ ਕਿਹਾ ਗਿਆ ਹੈ। ਸਰਕਾਰ ਦੀ ਸਲਾਹ ਤੋਂ ਬਾਅਦ ਲੋਕ ਜੰਮੂ-ਕਸ਼ਮੀਰ ਤੋਂ ਬਾਹਰ ਆਉਣੇ ਸ਼ੁਰੂ ਹੋ ਗਏ ਹਨ। ਲੋਕਾਂ ਨੂੰ ਘਾਟੀ ਤੋਂ ਬਾਹਰ ਕੱਢਣ ਲਈ ਏਅਰ ਫ਼ੋਰਸ ਦੇ ਜਹਾਜ਼ਾਂ ਦੀ ਵੀ ਮਦਦ ਲਈ ਜਾ ਰਹੀ ਹੈ।