ਲੁਧਿਆਣਾ: ਕੁਝ ਦਿਨ ਪਹਿਲਾਂ ਸਮਰਾਲਾ ਵਿੱਚ ਇੱਕ 13 ਸਾਲ ਦੀ ਕੁੜੀ ਨਾਲ ਇੱਕ ਮੁੰਡੇ ਵੱਲੋਂ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਦੀ ਸ਼ਿਕਾਇਤ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਕੀਤੀ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਹਿਲਾਂ ਪੁਲਿਸ ਵੱਲੋਂ ਕੁੜੀ ਨੂੰ ਡਰਾਇਆ ਧਮਕਾਇਆ ਗਿਆ ਅਤੇ ਮਾਰਿਆ ਗਿਆ।
ਇਸ ਮਾਮਲੇ ਨੂੰ ਜ਼ੋਰ ਫੜਦਿਆਂ ਵੇਖ ਸਮਰਾਲਾ ਪੁਲਿਸ ਵੱਲੋਂ ਭਾਵੇਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਪਰਿਵਾਰਕ ਮੈਂਬਰਾਂ ਦੁਆਰਾ ਸੋਮਵਾਰ ਨੂੰ ਚੰਡੀਗੜ੍ਹ-ਲੁਧਿਆਣਾ ਰੋਡ ਜਾਮ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਕੁੜੀ ਉੱਪਰ ਦਬਾਅ ਪਾ ਕੇ ਇਸ ਕੇਸ ਦੇ ਰੁਖ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ।
ਇਹ ਧਰਨਾ ਲਗਾਉਣ ਨਾਲ ਕੁਝ ਲੋਕ ਆਪਸ ਵਿਚ ਹੀ ਉਲਝ ਗਏ। ਸਮਰਾਲਾ ਸ਼ਹਿਰ ਧਰਨਿਆਂ ਲਈ ਚੰਡੀਗੜ੍ਹ-ਮਟਕਾ ਚੌਕ ਵਾਂਗ ਮਸ਼ਹੂਰ ਹੁੰਦਾ ਜਾ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਜਥੇਬੰਦੀ ਵੱਲੋਂ ਰੋਡ ਨੂੰ ਜਾਮ ਕਰਕੇ ਜਿੱਥੇ ਇਕ ਪਾਸੇ ਆਵਾਜਾਈ ਵਿੱਚ ਵਿਘਨ ਪਾਇਆ ਜਾਂਦਾ ਹੈ ਉੱਥੇ ਹੀ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲੀਆ ਚਿੰਨ੍ਹ ਖੜ੍ਹੇ ਹੁੰਦੇ ਹਨ।