ਲੁਧਿਆਣਾ: ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਭਾਜਪਾ ਆਗੂਆਂ ਦਾ ਅਕਾਲੀ ਦਲ 'ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਇਕ ਪਾਸੇ ਜਿੱਥੇ ਭਾਜਪਾ ਵੱਲੋਂ ਦੇਸ਼ ਭਰ 'ਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ, ਉਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਆਪਣੀ ਭਾਈਵਾਲ ਪਾਰਟੀ ਅਕਾਲੀ ਦਲ ਇਸ ਦਾ ਵਿਰੋਧ ਕਰ ਰਹੀ ਹੈ। ਇਸ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਇਹ ਆਪਣੀ ਸੋਚ ਹੋ ਸਕਦੀ ਹੈ ਪਰ ਭਾਜਪਾ ਰੀਜਨਲ ਨਹੀਂ ਕੌਮੀ ਪਾਰਟੀ ਹੈ, ਜਿਸ ਕਰਕੇ ਸਾਰੇ ਲੋਕਾਂ ਬਾਰੇ ਸੋਚਣਾ ਉਨ੍ਹਾਂ ਦਾ ਫਰਜ਼ ਹੈ।
ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਇਹ ਅਕਾਲੀ ਦਲ ਦਾ ਆਪਣਾ ਨਿੱਜੀ ਫ਼ੈਸਲਾ ਹੈ, ਉੱਥੇ ਹੀ ਪਰਮਿੰਦਰ ਢੀਂਡਸਾ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਕੀਤੀ ਗਈ ਤਾਰੀਫ਼ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਹੁਣ ਇਹ ਢੀਂਡਸਾ ਅਜਿਹੇ ਬਿਆਨ ਕਿਉਂ ਦੇ ਰਹੇ ਹਨ ਇਹ ਤਾਂ ਉਹੀ ਜਾਣਦੇ ਹਨ।
ਇਹ ਵੀ ਪੜ੍ਹੋ: ਜੇਐਨਯੂ ਹਿੰਸਾ ਦੀ ਜਾਂਚ ਲਈ ਕੈਂਪਸ ਪਹੁੰਚੀ ਕ੍ਰਾਈਮ ਬ੍ਰਾਂਚ ਦੀ ਟੀਮ
ਉਧਰ ਦੂਜੇ ਪਾਸੇ ਸਾਬਕਾ ਕੈਬਿਨੇਟ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਲੋਕ ਸਭਾ ਵਿੱਚ ਜਦੋਂ ਨਾਗਰਿਕਤਾ ਸੋਧ ਬਿੱਲ ਪਾਸ ਹੋਇਆ ਤਾਂ ਅਕਾਲੀ ਦਲ ਨੇ ਉਸ ਦੇ ਹੱਕ ਵਿੱਚ ਵੋਟ ਦਿੱਤਾ ਸੀ, ਜਿਸ ਕਰਕੇ ਉਹ ਜ਼ਿਆਦਾ ਮਾਇਨੇ ਰੱਖਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਵਿੱਚ ਮੁਸਲਿਮ ਭਾਈਚਾਰੇ ਨੂੰ ਸ਼ਾਮਿਲ ਕਰਨਾ ਚਾਹੁੰਦਾ ਹੈ, ਇਹ ਉਨ੍ਹਾਂ ਦੀ ਆਪਣੀ ਸਿਆਸਤ ਹੋ ਸਕਦੀ ਹੈ। ਇਸ ਤੋਂ ਇਲਾਵਾ ਨਨਕਾਣਾ ਸਾਹਿਬ 'ਤੇ ਕੀਤੇ ਗਏ ਪੱਥਰਾਅ ਨੂੰ ਲੈ ਕੇ ਵੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਭਾਜਪਾ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਲਿਆਂਦਾ ਗਿਆ।
ਪਰਮਿੰਦਰ ਢੀਂਡਸਾ ਵੱਲੋਂ ਸਿੱਧੂ ਦੀ ਕੀਤੀ ਤਾਰੀਫ਼ 'ਤੇ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਹੁਣ ਸਿੱਧੂ ਦਾ ਕੋਈ ਸਿਆਸੀ ਭਵਿੱਖ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੋ ਪਾਕਿਸਤਾਨ ਗਏ ਸਨ ਹੁਣ ਪੂਰਾ ਭਾਰਤ ਉਨ੍ਹਾਂ ਤੋਂ ਸਵਾਲ ਪੁੱਛ ਰਿਹਾ ਹੈ।