ਲੁਧਿਆਣਾ: ਪੰਜਾਬ ਵਿੱਚ ਕਾਂਗਰਸ ਦਾ ਚੱਲ ਰਿਹਾ ਕਲੇਸ਼ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ, ਨਿੱਤ ਦਿਨ ਟਕਸਾਲੀ ਪੁਰਾਣੇ ਕਾਂਗਰਸੀ ਤੇ ਜਿਨ੍ਹਾਂ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ, ਉਨ੍ਹਾਂ ਵੱਲੋਂ ਹੁਣ ਆਪਣੀ ਹੀ ਪਾਰਟੀ ਦੇ ਖ਼ਿਲਾਫ਼ ਬਗ਼ਾਵਤੀ ਸੁਰ ਖੜ੍ਹੇ ਕਰਦਿਆਂ ਜੰਗ ਛੇੜ ਦਿੱਤੀ ਹੈ।
ਲੁਧਿਆਣਾ ਦੇ ਵਿੱਚ ਪਹਿਲਾ ਸਤਵਿੰਦਰ ਬਿੱਟੀ ਫਿਰ ਮਲਕੀਅਤ ਸਿੰਘ ਦਾਖਾ ਉਸ ਤੋਂ ਬਾਅਦ ਕੇ.ਕੇ ਬਾਵਾ ਅਤੇ ਹੁਣ ਅਮਰਜੀਤ ਟਿੱਕਾ ਮੀਡੀਅਮ ਇੰਡਸਟਰੀ ਦੇ ਚੇਅਰਮੈਨ ਨੇ ਵੀ ਕਾਂਗਰਸ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਲੀਡਰਾਂ ਨੂੰ ਇਸ ਵੱਧ ਰਹੇ ਕਲੇਸ਼ ਨੂੰ ਲੈ ਕੇ ਜਵਾਬਦੇਹੀ ਮੁਸ਼ਕਿਲ ਹੋ ਚੁੱਕੀ ਹੈ, ਪਾਰਟੀ ਨੂੰ ਇਨ੍ਹਾਂ ਬਗ਼ਾਵਤਾਂ ਦਾ ਵਿਧਾਨ ਸਭਾ ਚੋਣਾਂ 'ਚ ਕਿੰਨਾ ਕੁ ਅਸਰ ਪੈਂਦਾ ਹੈ, ਇਹ ਵੀ ਵੇਖਣਾ ਕਾਫ਼ੀ ਅਹਿਮ ਰਹਿਣ ਵਾਲਾ ਹੈ।
ਲੁਧਿਆਣਾ 'ਚ ਬਗਾਵਤ
ਸਾਹਨੇਵਾਲ ਤੋਂ ਕਾਂਗਰਸ ਦੀ ਇੰਚਾਰਜ ਰਹੀ ਅਤੇ ਟਿਕਟ ਦੀ ਦਾਅਵੇਦਾਰ ਸਤਵਿੰਦਰ ਬਿੱਟੀ ਨੇ ਸਭ ਤੋਂ ਪਹਿਲਾਂ ਮੋਰਚਾ ਕਾਂਗਰਸ ਦੇ ਖ਼ਿਲਾਫ਼ ਖੁੱਲ੍ਹਿਆ। ਉਨ੍ਹਾਂ ਦੀ ਟਿਕਟ ਕੱਟ ਕੇ ਭੱਠਲ ਦੇ ਜਵਾਈ ਨੂੰ ਦੇ ਦਿੱਤੀ ਗਈ। ਇਸ ਤੋਂ ਬਾਅਦ ਲੁਧਿਆਣਾ ਤੋਂ ਹੀ ਜਗਰਾਉਂ ਹਲਕੇ ਦੇ ਹਲਕੇ ਦੇ ਟਿਕਟ ਲਈ ਸਭ ਤੋਂ ਵੱਧ ਮਜ਼ਬੂਤ ਦਾਅਵੇਦਾਰ ਮਲਕੀਅਤ ਸਿੰਘ ਦਾਖਾ ਨੇ ਵੀ ਕਾਂਗਰਸ ਪਾਰਟੀ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਤੇ ਹਾਈਕਮਾਨ ਦਾ ਵਿਰੋਧ ਕੀਤਾ।
ਉਥੇ ਹੀ ਦੂਜੇ ਪਾਸੇ ਕੇ.ਕੇ ਬਾਵਾ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਰਹੇ, ਉਨ੍ਹਾਂ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਆਸ਼ੂ ਦੇ ਖਿਲਾਫ਼ ਚੋਣਾਂ ਲੜਨ ਦਾ ਐਲਾਨ ਕੀਤਾ। ਉਥੇ ਹੀ ਮੀਡੀਅਮ ਇੰਡਸਟਰੀ ਦੇ ਚੇਅਰਮੈਨ ਰਹੇ ਅਮਰਜੀਤ ਟਿੱਕਾ ਨੇ ਵੀ ਪਾਰਟੀ ਤੋਂ ਅਸਤੀਫਾ ਦਿੱਤਾ ਤੇ ਪੰਜਾਬ ਭਰ ਦੇ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਖ਼ਿਲਾਫ਼ ਪ੍ਰਚਾਰ ਕਰਨ ਦਾ ਐਲਾਨ ਕਰ ਦਿੱਤਾ।
ਕਾਂਗਰਸ 'ਚ ਵੱਧ ਰਹੀ ਬਗ਼ਾਵਤ ਦਾ ਅਸਰ
ਲੁਧਿਆਣਾ ਵਿੱਚ ਜ਼ਿਆਦਾਤਰ ਬਗ਼ਾਵਤ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖ਼ਿਲਾਫ਼ ਹੀ ਉੱਠ ਰਹੀ ਹੈ, ਜੋ ਵੀ ਬਗਾਵਤੀ ਸੁਰ ਅਪਣਾ ਰਿਹਾ ਹੈ। ਉਸ ਦਾ ਨਿਸ਼ਾਨਾ ਸਿੱਧਾ ਕਾਂਗਰਸ ਹਾਈ ਕਮਾਨ ਘੱਟ ਸਗੋਂ ਪੰਜਾਬ ਦੀ ਲੀਡਰਸ਼ਿਪ ਖਾਸ ਕਰਕੇ ਲੁਧਿਆਣਾ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਹਨ। ਵਿਧਾਨ ਸਭਾ ਚੋਣਾਂ ਦੇ ਵਿੱਚ ਹੁਣ ਲੁਧਿਆਣਾ ਪੱਛਮੀ ਤੋਂ ਹੀ ਉਨ੍ਹਾਂ ਦੇ ਖਿਲਾਫ ਤਿੰਨ ਪੁਰਾਣੇ ਕਾਂਗਰਸੀ ਆਗੂ ਖੜ੍ਹੇ ਹੋ ਗਏ ਹਨ।
ਸਭ ਤੋਂ ਪਹਿਲਾਂ ਗੁਰਪ੍ਰੀਤ ਗੋਗੀ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਦੇ ਖ਼ਿਲਾਫ਼ ਹੀ ਚੋਣਾਂ ਲੜ ਰਹੇ ਹਨ। ਜਿਸ ਤੋਂ ਬਾਅਦ ਕੇ.ਕੇ ਬਾਵਾ ਨੇ ਵੀ ਲੁਧਿਆਣਾ ਪੱਛਮੀ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰਨ ਦਾ ਐਲਾਨ ਕਰ ਦਿੱਤਾ। ਉੱਥੇ ਹੀ ਅਮਰਜੀਤ ਟਿੱਕਾ ਨੇ ਵੀ ਸਿੱਧੇ ਤੌਰ 'ਤੇ ਭਾਰਤ ਭੂਸ਼ਣ ਆਸ਼ੂ ਨੂੰ ਆਪਣੀ ਟਿਕਟ ਕੱਟਣ ਦਾ ਜ਼ਿੰਮੇਵਾਰ ਦੱਸਦਿਆਂ, ਉਸ ਦੇ ਖ਼ਿਲਾਫ਼ ਆਸ਼ੂ ਦੇ ਹਲਕੇ ਵਿੱਚ ਪ੍ਰਚਾਰ ਕਰਨ ਦਾ ਐਲਾਨ ਕਰ ਦਿੱਤਾ।
ਜਵਾਬਦੇਹੀ ਤੋਂ ਭੱਜਦੇ ਸੀਨੀਅਰ ਕਾਂਗਰਸੀ
ਇਸ ਪੂਰੇ ਮਸਲੇ ਤੋਂ ਬਾਅਦ ਹੁਣ ਕਾਂਗਰਸ ਤੇ ਲੁਧਿਆਣਾ ਤੋਂ ਸੀਨੀਅਰ ਲੀਡਰ ਜਵਾਬਦੇਹੀ ਤੋਂ ਭੱਜਦੇ ਵਿਖਾਈ ਦੇ ਰਹੇ ਹਨ, ਜਿੱਥੇ ਭਾਰਤ ਭੂਸ਼ਣ ਆਸ਼ੂ ਇਸ ਮੁੱਦੇ 'ਤੇ ਗੱਲ ਹੀ ਨਹੀਂ ਕਰਨਾ ਚਾਹੁੰਦੇ। ਉਥੇ ਹੀ ਦੂਜੇ ਪਾਸੇ ਲੁਧਿਆਣਾ ਤੋਂ ਗਿੱਲ ਹਲਕੇ ਤੋਂ ਉਮੀਦਵਾਰ ਅਤੇ ਕਾਂਗਰਸ ਦੇ ਮੁੱਖ ਬੁਲਾਰੇ ਕੁਲਦੀਪ ਵੈਦ ਵੀ ਇਸ ਪੂਰੇ ਮੁੱਦੇ ਤੋਂ ਭੱਜਦੇ ਹੋਏ ਵਿਖਾਈ ਦੇ ਰਹੇ ਹਨ। ਕੁਲਦੀਪ ਵੈਦ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਨੂੰ ਤਾਂ ਪਤਾ ਹੀ ਨਹੀਂ ਕਿ ਕੌਣ ਪਾਰਟੀ ਖ਼ਿਲਾਫ਼ ਬਗ਼ਾਵਤ ਕਰ ਰਿਹਾ ਹੈ, ਦੂਜੇ ਪਾਸੇ ਰਵਨੀਤ ਬਿੱਟੂ ਵੀ ਕਹਿ ਰਹੇ ਨੇ ਕਿ ਵਿਰੋਧ ਕਰਨਾ ਤਾਂ ਹਰ ਕਿਸੇ ਦਾ ਨਿੱਜੀ ਹੱਕ ਹੈ, ਪਰ ਪਾਰਟੀ ਦੇ ਖ਼ਿਲਾਫ਼ ਜਾਣਾ ਸਹੀ ਨਹੀਂ ਹੈ।
ਇਹ ਵੀ ਪੜੋ: ਮੁੱਖ ਮੰਤਰੀ ਚੰਨੀ ਦੇ ਚੋਣ ਜਲਸਿਆਂ ਨੂੰ ਗਾਇਕਾਂ ਦਾ ਸਹਾਰਾ !