ਲੁਧਿਆਣਾ: ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਅਚਨਚੇਤੀ ਦੌਰਾ ਕੀਤਾ। ਬਿੱਟੂ ਨੇ ਇਸ ਦੌਰਾਨ ਸਰਕਾਰੀ ਹਸਪਤਾਲ ਵਿਖੇ ਹਲਾਤਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਪੱਤਰਕਾਰਾਂ ਵੀਰਾਂ ਦਾ ਧੰਨਵਾਦ ਕਰਦਾ ਹਾਂ, ਜੋ ਅਜਿਹੇ ਭਿਆਨਕ ਸਮੇਂ ਵਿੱਚ ਵੀ ਲੋਕਾਂ ਤੱਕ ਖ਼ਬਰਾਂ ਪਹੁੰਚਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਣ ਦਾ ਕਾਰਨ ਹੈ ਸ਼ਹਿਰ ਦੀ ਜ਼ਿਆਦਾ ਜਨਸੰਖਿਆ।
ਦੂਸਰੇ ਪਾਸੇ ਉਨ੍ਹਾਂ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਵਿਖੇ ਖ਼ਾਸ ਤੌਰ ਉੱਤੇ ਕੋਵਿਡ-19 ਦੇ ਮਰੀਜ਼ਾਂ ਦਾ ਹਾਲ-ਚਾਲ ਪੁੱਛਣ ਦੇ ਲਈ ਆਏ ਹਨ।
ਬਿੱਟੂ ਨੇ ਦੱਸਿਆ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ 70 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਹੋਰ ਮਰੀਜ਼ ਵੀ ਵੱਖ-ਵੱਖ ਸਰਕਾਰੀ ਕੋਵਿਡ ਕੇਂਦਰਾਂ ਵਿੱਚ ਦਾਖਲ ਹਨ।
ਰਵਨੀਤ ਬਿੱਟੂ ਨੇ ਕਿਹਾ ਕਿ ਜੇ ਕਿਸੇ ਮਰੀਜ਼ ਨੂੰ ਕੋਈ ਲੱਛਣ ਲੱਗਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਸਰਕਾਰੀ ਹਸਪਤਾਲ ਹੀ ਆਵੇ। ਉਸ ਤੋਂ ਬਾਅਦ ਸਰਕਾਰੀ ਹਸਪਤਾਲ ਵੱਲੋਂ ਵੀ ਉਸ ਨੂੰ ਲੋੜ ਪੈਣ ਤੇ ਬਾਕੀ ਥਾਂਵਾਂ ਉੱਤੇ ਰੈਫਰ ਕੀਤਾ ਜਾਵੇਗਾ।
ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਲੁਧਿਆਣਾ ਵਿੱਚ ਕੋਰੋਨਾ ਮਰੀਜ਼ਾਂ ਦੀ ਤਾਦਾਦ ਵੱਧ ਜਾਵੇਗੀ ਇਸ ਕਰਕੇ ਇਹਤਿਆਤ ਵਰਤਣੀ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿੱਚ ਤੀਜੇ ਲੈਵਲ ਦੇ ਹਸਪਤਾਲ ਦੀ ਲੋੜ ਹੈ, ਉਹ ਇਸ ਸਬੰਧ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨਾਲ ਗੱਲਬਾਤ ਕਰਨਗੇ।