ਲੁਧਿਆਣਾ: ਪੰਜਾਬ ਵਿੱਚ ਨਸ਼ੇ ਦੇ ਛੇਵੇਂ ਦਰਿਆ ਵਿੱਚ ਲਗਾਤਾਰ ਨੌਜਵਾਨ ਪੀੜ੍ਹੀ ਡੁੱਬਦੀ ਜਾ ਰਹੀ ਹੈ। ਪੰਜਾਬ ਵਿੱਚ ਸਰਕਾਰਾਂ ਤਾਂ ਬਦਲ ਗਈਆਂ ਪਰ ਹਾਲਾਤ ਹਾਲੇ ਤੱਕ ਨਹੀਂ ਬਦਲੇ। ਪਿਛਲੇ ਤਿੰਨ ਹਫ਼ਤਿਆਂ ਦੇ ਵਿੱਚ ਪੰਜਾਬ ਦੇ ਅੰਦਰ ਨਸ਼ੇ ਦੀ ਓਵਰਡੋਜ਼ ਨਾਲ ਕਰੀਬ ਦੋ ਦਰਜਨ ਨੌਜਵਾਨਾਂ ਦੀ ਮੌਤ ਹੋ ਚੁੱਕੀ (Drug Deaths in Punjab) ਹੈ ਇਕੱਲੇ ਮੋਗਾ ’ਚ ਹੀ ਇਕ ਹਫ਼ਤੇ ਅੰਦਰ ਤਿੰਨ ਨੌਜਵਾਨਾਂ ਨੇ ਨਸ਼ੇ ਦੀ ਓਵਰਡੋਜ਼ ਨਾਲ ਦਮ ਤੋੜ ਦਿੱਤਾ। ਇੰਨਾ ਹੀ ਨਹੀਂ ਬਰਨਾਲਾ ਡੀ ਐੱਸ ਪੀ ਦਫਤਰ ਦੇ ਸਾਹਮਣੇ ਹੀ ਇਕ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਦਮ ਤੋੜ ਗਿਆ। ਉਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਮਾਛੀਵਾੜਾ ਦੇ ਵਿੱਚ ਵੀ ਪਰਿਵਾਰ ਨੂੰ ਆਪਣੇ ਪੁੱਤਰ ਦੀ ਲਾਸ਼ ਖੇਤਾਂ ’ਚੋਂ ਮਿਲੀ ਅਤੇ ਨੇੜੇ ਸਰਿੰਜ ਬਰਾਮਦ ਹੋਈ ਜਿਸ ਤੋਂ ਅੰਦਾਜ਼ਾ ਲਾਇਆ ਗਿਆ ਕਿ ਪੁੱਤਰ ਨਸ਼ੇ ਦਾ ਆਦੀ ਸੀ ਅਤੇ ਨਸ਼ਾ ਉਸ ਨੂੰ ਭਰੀ ਜਵਾਨੀ ਵਿੱਚ ਨਿਗਲ ਗਿਆ।
ਨਸ਼ੇ ਦੇ ਨਾਲ ਮੌਤਾਂ ਦਾ ਸਿਲਸਿਲਾ ਜਾਰੀ : ਲੁਧਿਆਣਾ ਦੇ ਮਾਛੀਵਾੜਾ ਦੇ ਪਿੰਡ ਬਹਿਲੋਲਪੁਰ ਵਿੱਚ ਇਕ ਮਹੰਤ ਦੇ ਘਰ ਦੇ ਬਾਹਰ ਨੌਜਵਾਨ ਦੀ ਲਾਸ਼ ਮਿਲੀ ਜਿੱਥੋਂ ਖਾਲੀ ਸਰਿੰਜ ਬਰਾਮਦ ਹੋਈ। ਜਾਣਕਾਰੀ ਅਨੁਸਾਰ ਨੌਜਵਾਨ ਨੂੰ ਚਾਰ ਵਾਰ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਇਸਦੇ ਬਾਵਜੂਦ ਉਹ ਨਸ਼ਾ ਨਹੀਂ ਛੱਡ ਸਕਿਆ ਪਰ ਮੌਤ ਨੇ ਉਸਨੂੰ ਜ਼ਰੂਰ ਗਲ ਲਾ ਲਿਆ। ਮ੍ਰਿਤਕ ਦੀ ਉਮਰ 33 ਸਾਲ ਦੀ ਸੀ ਅਤੇ ਉਸ ਦੇ ਤਿੰਨ ਬੱਚੇ ਨੇ ਹੁਣ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਮਾਂ ਨੇ ਰੋ ਰੋ ਕੇ ਆਪਣੀ ਹੱਡਬੀਤੀ ਦੱਸੀ ਅਤੇ ਕਿਹਾ ਕਿ ਉਸ ਦੀ ਧੀ ਪੁੱਤ ਨੂੰ ਨਸ਼ਿਆਂ ਨੇ ਨਿਗਲ ਲਿਆ ਹੁਣ ਪੁਲਿਸ ਉਸ ਨੂੰ ਫੜੇ ਜਿਸ ਨੇ ਉਸ ਦੇ ਪੁੱਤ ਨੂੰ ਮਾਰਿਆ ਹੈ ਜੋ ਉਸ ਦੇ ਪੁੱਤ ਨੂੰ ਨਸ਼ਾ ਵੇਚਦਾ ਸੀ।
ਉੱਥੇ ਹੀ ਦੂਜੇ ਪਾਸੇ ਮੋਗਾ ਦੇ ਵਿਚ ਵੀ ਇਕ ਹਫ਼ਤੇ ਅੰਦਰ ਨਸ਼ੇ ਦੇ ਨਾਲ ਤਿੰਨ ਮੌਤਾਂ ਹੋਈਆਂ। ਪਹਿਲਾ ਮਾਮਲਾ ਮੋਗਾ ਦੇ ਪਿੰਡ ਢੋਲੇਵਾਲਾ ਤੋਂ ਸਾਹਮਣੇ ਆਇਆ ਹੈ ਜਿਥੇ 24 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਉਸ ਦੀ ਸ਼ਨਾਖਤ ਰਵਿੰਦਰ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਮਹਿਜ਼ 28 ਸਾਲ ਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਬਾਥਰੂਮ ਵਿਚ ਗਿਆ ਸੀ ਜਿਥੇ ਉਸ ਨੇ ਟੀਕਾ ਲਗਾਇਆ ਅਤੇ ਉਹ ਵਾਪਿਸ ਨਹੀਂ ਆਇਆ ਜਿਸ ਤੋਂ ਬਾਅਦ ਉਸ ਦੀ ਲਾਸ਼ ਬਰਾਮਦ ਹੋਈ। ਦੂਜਾ ਮਾਮਲਾ ਮੋਗਾ ਦੇ ਪਿੰਡ ਸਣੇ ਨਾਂ ਤੋਂ ਸਾਹਮਣੇ ਆਇਆ ਜਿਥੇ 31 ਸਾਲ ਦੀ ਗੁਰਪ੍ਰੀਤ ਚਿੱਟੇ ਦੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਗੁਰਪ੍ਰੀਤ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦਾ ਦੋ ਸਾਲ ਦਾ ਬੱਚਾ ਵੀ ਹੈ।
ਇੰਨਾ ਹੀ ਨਹੀਂ ਪੰਜਾਬ ਦਾ ਸ਼ਾਇਦ ਹੀ ਕੋਈ ਜ਼ਿਲ੍ਹਾ ਹੋਵੇਗਾ ਜਿਥੇ ਬੀਤੇ ਕੁਝ ਸਮੇਂ ’ਚ ਨਸ਼ੇ ਦੀ ਓਵਰਡੋਜ਼ ਨਾਲ ਕਿਸੇ ਦੀ ਮੌਤ ਨਾ ਹੋਈ ਹੋਵੇ। ਓਧਰ ਬਰਨਾਲਾ ਦੇ ਵਿੱਚ ਤਿੰਨ ਦਿਨ ਪਹਿਲਾਂ ਹੀ ਡੀ ਐੱਸ ਪੀ ਦਫਤਰ ਦੇ ਸਾਹਮਣੇ ਹੀ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ। ਦੁਸਹਿਰਾ ਗਰਾਊਂਡ ’ਚ ਉਸ ਦੀ ਲਾਸ਼ ਬਰਾਮਦ ਹੋਈ, ਮ੍ਰਿਤਕ ਦੀ ਸ਼ਨਾਖਤ ਹਰਗੋਬਿੰਦ ਸਿੰਘ ਵਜੋਂ ਹੋਈ ਜਿਸ ਦੀ ਉਮਰ ਮਹਿਜ਼ 25 ਸਾਲ ਦੀ ਸੀ।
ਅਜਿਹੇ ਹੋਰ ਵੀ ਕਈ ਮਾਮਲੇ ਨੇ ਪੰਜਾਬ ਦੇ ਵਿੱਚ ਲਗਾਤਾਰ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਰਹੀ ਹੈ। ਓਧਰ ਬਠਿੰਡਾ ਦੇ ਵਿੱਚ ਇਕ ਦੋ ਹਫ਼ਤਿਆਂ ਅੰਦਰ 9 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਜਿੰਨ੍ਹਾਂ ਦੀ ਉਮਰ ਮਹਿਜ਼ 17 ਸਾਲ ਤੋਂ ਲੈ ਕੇ 25 ਸਾਲ ਦੇ ਵਿਚਕਾਰ ਸੀ। ਸ਼ਰੇਆਮ ਨਸ਼ਾ ਵਿਕ ਰਿਹਾ ਹੈ ਸਰਕਾਰਾਂ ਦਾਅਵੇ ਤਾਂ ਕਰਦੀਆਂ ਰਹੀਆਂ ਪਰ ਨਸ਼ੇ ਤੇ ਲਗਾਮ ਲਗਾਉਣ ਚ ਹੁਣ ਤੱਕ ਅਸਫਲ ਸਾਬਿਤ ਰਹੀਆਂ ਨੇ.
ਸਰਕਾਰਾਂ ਦੇ ਦਾਅਵੇ ਫੇਲ੍ਹ: ਪੰਜਾਬ ਵਿੱਚ ਸਰਕਾਰਾਂ ਦੇ ਦਾਅਵੇ ਲਗਾਤਾਰ ਨਸ਼ੇ ਨੂੰ ਲੈ ਕੇ ਫੇਲ੍ਹ ਹੁੰਦੇ ਵਿਖਾਈ ਦੇ ਰਹੇ ਹਨ। ਪੰਜਾਬ ਵਿੱਚ 2017 ਅੰਦਰ ਕਾਂਗਰਸ ਵੱਲੋਂ ਨਸ਼ੇ ਦੇ ਮੁੱਦੇ ’ਤੇ ਸਰਕਾਰ ਬਣਾਈ ਗਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਚਾਰ ਹਫਤਿਆਂ ਵਿਚ ਨਸ਼ਾ ਜੜ੍ਹ ਤੋਂ ਖਤਮ ਕਰਨ ਦਾ ਦਾਅਵਾ ਕੀਤਾ ਸੀ ਪਰ ਨਸ਼ਾ ਖ਼ਤਮ ਨਹੀਂ ਹੋਇਆ ਪਰ ਪੰਜਾਬ ਵਿੱਚੋਂ ਕਾਂਗਰਸ ਦੀ ਸਰਕਾਰ ਜ਼ਰੂਰ ਖ਼ਤਮ ਹੋ ਗਈ। 2015 ਤੋਂ ਲੈ ਕੇ 2016 ਦੇ ਦੌਰਾਨ ਹੋਏ ਸਰਵੇਖਣਾਂ ’ਚ ਇਹ ਸਾਹਮਣੇ ਆਇਆ ਸੀ ਕਿ ਪੰਜਾਬ ਵਿੱਚ ਨਸ਼ਾ ਕਰਨ ਵਾਲੇ ਜ਼ਿਆਦਾਤਰ 99 ਫ਼ੀਸਦੀ ਪੁਰਸ਼ ਹੀ ਹਨ ਪਰ ਹੁਣ ਮਹਿਲਾਵਾਂ ਵੀ ਨਸ਼ੇ ਦੀ ਦਲਦਲ ਵਿੱਚ ਧਸਦੀਆਂ ਜਾ ਰਹੀਆਂ ਹਨ।
ਭਾਰਤ ਸਰਕਾਰ ਦੇ ਸਮਾਜਿਕ ਨਿਆਇ ਅਤੇ ਅਧਿਕਾਰਤਾ ਮੰਤਰਾਲੇ ਦੀ ਇਕ ਰਿਪੋਰਟ ਦੇ ਮੁਤਾਬਕ ਪੰਜਾਬ ਵਿੱਚ 2 ਲੱਖ 32 ਹਜ਼ਾਰ ਤੋਂ ਵੱਧ ਲੋਕ ਨਸ਼ੇ ਦੇ ਆਦੀ ਹਨ ਅਤੇ ਇੰਨ੍ਹਾਂ ਵਿਚੋਂ 50 ਫ਼ੀਸਦੀ ਤੋਂ ਵੱਧ ਅਜਿਹੇ ਲੋਕਾਂ ਦੀ ਗਿਣਤੀ ਹੈ ਜੋ ਚਿੱਟੇ ਦੇ ਨਸ਼ੇ ਦੇ ਆਦੀ ਹਨ। ਚਿੱਟੇ ਜਾਂ ਹੈਰੋਇਨ ਦਾ ਨਸ਼ਾ ਕਰਨ ਵਾਲੇ ਨਸ਼ੇੜੀਆਂ ਨੂੰ ਰੋਜ਼ਾਨਾ 1400 ਰੁਪਏ ਤੱਕ ਦੀ ਲੋੜ ਹੁੰਦੀ ਹੈ ਇਸ ਮੁਤਾਬਕ ਪੰਜਾਬ ਵਿੱਚ ਨਸ਼ੇੜੀ ਰੋਜ਼ਾਨਾ ਆਪਣੇ ਨਸ਼ੇ ਦੀ ਪੂਰਤੀ ਲਈ 17 ਕਰੋੜ ਰੁਪਏ ਰੋਜ਼ਾਨਾ ਖਰਚ ਕਰਦੇ ਹਨ।
ਬਦਲੀ ਸਰਕਾਰ ਪਰ ਨਹੀਂ ਬਦਲੇ ਹਾਲਾਤ : ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਸੱਤਾ ’ਤੇ ਕਾਬਜ਼ ਹੋਈ ਹਾਲੇ ਕੁਝ ਹੀ ਸਮਾਂ ਹੋਇਆ ਹੈ ਪਰ ਲਗਾਤਾਰ ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਉੱਥੇ ਹੀ ਦੂਜੇ ਪਾਸੇ ਨਸ਼ੇ ਦੇ ਨਾਲ ਹੀ ਬੀਤੇ ਦੋ ਤਿੰਨ ਹਫ਼ਤਿਆਂ ਦੇ ਦੌਰਾਨ ਹੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਓਵਰਡੋਜ਼ ਨਾਲ ਮੌਤ ਹੋਈ ਹੈ ਜਿਸ ਨੂੰ ਲੈ ਕੇ ਵਿਰੋਧੀਆਂ ਨੇ ਹੁਣ ਆਮ ਆਦਮੀ ਪਾਰਟੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਰੋਧੀਆਂ ਨੇ ਕਿਹਾ ਕਿ ਸਰਕਾਰ ਨੇ ਬਦਲਾਅ ਦਾ ਦਾਅਵਾ ਕੀਤਾ ਸੀ ਪਰ ਨਸ਼ੇ ਦੀ ਦਲਦਲ ਵਿੱਚ ਨੌਜਵਾਨ ਪੀੜ੍ਹੀ ਫਸਦੀ ਜਾ ਰਹੀ (Question on Bhagwant Mann government ) ਹੈ।
ਪੰਜਾਬ ਭਾਜਪਾ ਦੇ ਮੁੱਖ ਬੁਲਾਰੇ ਅਨਿਲ ਸਰੀਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਫਰੰਟ ਤੇ ਫ਼ਿਲਹਾਲ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਪੰਜਾਬ ਦੇ ਲੋਕ ਹੀ ਫ਼ੈਸਲਾ ਕਰਨਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੁਣਨ ਤੋਂ ਬਾਅਦ ਉਹ ਖੁਸ ਹਨ ਜਾਂ ਨਾਖੁਸ਼। ਉਨ੍ਹਾਂ ਕਿਹਾ ਕਿ ਪਰ ਪੰਜਾਬ ਵਿੱਚ ਜਿਹੋ ਜਿਹੇ ਕਾਨੂੰਨ ਵਿਵਸਥਾ ਨੂੰ ਲੈ ਕੇ ਹਾਲਾਤਾ ਵਿਗੜ ਰਹੇ ਹਨ ਉੱਥੇ ਹੀ ਨਸ਼ੇ ਦੇ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਅਜਿਹੇ ਚ ਸਰਕਾਰ ਆਪਣੇ ਕੀਤੇ ਵਾਅਦਿਆਂ ਦਾਅਵਿਆਂ ’ਤੇ ਫੇਲ ਸਾਬਤ ਹੁੰਦੀ ਵਿਖਾਈ ਦੇ ਰਹੀ ਹੈ।
ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਬਲੀਏਵਾਲ ਨੇ ਕਿਹਾ ਕਿ 23 ਦਿਨਾਂ ਦੇ ਅੰਦਰ 23 ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਗਏ ਅਤੇ 23 ਲੋਕਾਂ ਦਾ ਕਤਲ ਹੋ ਚੁੱਕਾ ਹੈ ਪਰ ਸਰਕਾਰ ਹੱਥ ’ਤੇ ਹੱਥ ਧਰ ਕੇ ਬੈਠੀ ਹੈ। ਉਨ੍ਹਾਂ ਕਿਹਾ ਕਿ ਜਵਾਬਦੇਹੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਣਦੀ ਹੈ ਉਨ੍ਹਾਂ ਨੂੰ ਲੋਕਾਂ ਨੂੰ ਜਵਾਬ ਦੇਣਾ ਹੀ ਪਵੇਗਾ।
ਸਰਕਾਰ ਦਾ ਤਰਕ: ਓਧਰ ਦੂਜੇ ਪਾਸੇ ਸਰਕਾਰ ਦੇ ਨੁਮਾਇੰਦੇ ਅਤੇ ਵਿਧਾਇਕ ਜਲਦ ਨਸ਼ੇ ’ਤੇ ਠੱਲ੍ਹ ਪਾਉਣ ਦੇ ਦਾਅਵੇ ਕਰਦੇ ਹਾਲੇ ਵੀ ਵਿਖਾਈ ਦੇ ਰਹੇ ਹਨ। ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਲੁਧਿਆਣਾ ਈਸਟ ਤੋਂ ਵਿਧਾਇਕ ਮਦਨ ਲਾਲ ਬੱਗਾ ਦੇ ਨਾਲ ਜਦੋਂ ਸਾਡੇ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਕਿ ਲਗਾਤਾਰ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਮਰ ਰਹੇ ਨੇ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਸਰਕਾਰ ਇਸ ’ਤੇ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਪੂਰੀ ਤਰ੍ਹਾਂ ਅਲਰਟ ’ਤੇ ਕੀਤਾ ਹੋਇਆ ਹੈ ਜਦੋਂ ਨਸ਼ੇ ’ਤੇ ਪੂਰੀ ਤਰ੍ਹਾਂ ਠੱਲ੍ਹ ਪਾ ਲਈ ਜਾਵੇਗੀ।
ਪੰਜਾਬ ਵਿੱਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੇ ਲੋਕਾਂ ਦੇ ਘਰਾਂ ਦੇ ਵਿੱਚ ਚਿੱਟੇ ਸੱਥਰ ਵਿਛਾ ਦਿੱਤੇ ਹਨ। ਵਿਰੋਧੀਆਂ ਨੂੰ ਮੌਜੂਦਾ ਸਰਕਾਰਾਂ ’ਤੇ ਨਿਸ਼ਾਨੇ ਸਾਧਣ ਦਾ ਸਮਾਂ ਮਿਲ ਗਿਆ ਅਤੇ ਸਰਕਾਰ ਜੋ ਵੱਡੇ ਵੱਡੇ ਦਾਅਵੇ ਕਰਕੇ ਵੱਡਾ ਬਹੁਮਤ ਹਾਸਲ ਕਰਕੇ ਸੱਤਾ ’ਤੇ ਕਾਬਜ਼ ਹੋਈ ਸੀ ਨਸ਼ੇ ਦੇ ਨਾਲ ਮਰ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣ ’ਚ ਫਿਲਹਾਲ ਅਸਮਰੱਥ ਵਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ: ਚਿੱਟੇ ਨੂੰ ਲੈਕੇ ਪੱਤਰਕਾਰ ਤੇ ਪੁਲਿਸ ਮੁਲਾਜ਼ਮ ਵਿਚਾਲੇ ਧੱਕਾ-ਮੁੱਕੀ, ਵੀਡੀਓ ਵਾਇਰਲ