ਲੁਧਿਆਣਾ: ਪੰਜਾਬ ਦੇ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨਾਂ ਲਈ ਅਕਸਰ ਹੀ ਪਰਾਲੀ ਦਾ ਪ੍ਰਬੰਧ ਇੱਕ ਵੱਡੀ ਸਮੱਸਿਆ ਬਣਿਆ ਰਹਿੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਤਾਰ ਪਿਛਲੇ ਕਈ ਸਾਲਾਂ ਦੀ ਸੋਧ ਤੋਂ ਬਾਅਦ ਪਰਾਲੀ ਨੂੰ ਸਾਂਭਣ ਦੀਆਂ ਅਜਿਹੀਆਂ ਤਕਨੀਕਾਂ ਤਿਆਰ ਕੀਤੀਆਂ ਗਈਆਂ ਹਨ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਣ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਦੇ ਵਿੱਚ ਵੀ ਵਾਧਾ ਹੋਵੇਗਾ। ਪੀਏਯੂ ਵੱਲੋਂ ਤਿਆਰ ਕੀਤੀਆਂ ਗਈਆਂ ਇਹਨਾਂ ਤਕਨੀਕਾਂ ਵਿੱਚੋਂ ਮੁੱਖ ਤਕਨੀਕ ਪਰਾਲੀ ਦੇ ਨਾਲ ਬਣਾਏ ਜਾਣ ਵਾਲੇ ਬਾਲਣ ਵਜੋਂ ਵਰਤੋਂ 'ਚ ਲਿਆਉਣ ਵਾਲੀਆਂ ਇੱਟਾਂ, ਮਸ਼ਰੂਮ ਦੀ ਖੇਤੀ ਕਰਨ ਲਈ ਪਰਾਲੀ ਤੋਂ ਬਣਾਈ ਗਈ ਖਾਦ, ਬਾਗਬਾਨੀ ਦੇ ਲਈ ਬੂਟਿਆਂ ਨੂੰ ਸਿਹਤ ਮੰਦ ਬਣਾਉਣ ਲਈ ਗਰਾਊਂਡ 'ਚ ਵਿਛਾਈ ਗਈ ਪਰਾਲੀ ਅਤੇ ਹੋਮ ਸਾਇੰਸ ਵਿਭਾਗ ਵੱਲੋਂ ਪਰਾਲੀ ਦਾ ਇਸਤੇਮਾਲ ਕਰਕੇ ਵੱਖ-ਵੱਖ ਵਸਤੂਆਂ ਬਣਾਉਣ ਦੇ ਨਾਲ ਵੀ ਪਰਾਲੀ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ। (Stubble maintain)
ਪੀਏਯੂ ਦੀਆਂ ਖੋਜਾਂ: ਪੰਜਾਬ ਦੇ ਵਿੱਚ ਹਰ ਸਾਲ ਪਰਾਲੀ ਨੂੰ ਅੱਗ ਲਾਉਣ ਦੇ ਹਜ਼ਾਰਾਂ ਹੀ ਮਾਮਲੇ ਸਾਹਮਣੇ ਆਉਂਦੇ ਹਨ, ਜਿਸ ਨਾਲ ਨਾ ਸਿਰਫ ਵਾਤਾਵਰਨ ਦੇ ਵਿੱਚ ਪ੍ਰਦੂਸ਼ਣ ਫੈਲਦਾ ਹੈ, ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਜ਼ਮੀਨ ਦੇ ਵਿੱਚ ਉਪਲਬਧ ਮਿੱਤਰ ਕੀੜੇ ਖਤਮ ਹੋ ਜਾਂਦੇ ਹਨ। ਪ੍ਰਸ਼ਾਸਨ ਵੱਲੋਂ ਸਖ਼ਤੀ ਵਰਤੀ ਜਾਂਦੀ ਹੈ, ਵਾਤਾਵਰਨ ਪ੍ਰਦੂਸ਼ਿਤ ਹੋਣ ਕਰਕੇ ਆਬੋ ਹਵਾ ਖਰਾਬ ਹੋ ਜਾਂਦੀ ਹੈ। ਏਅਰ ਕੁਆਲਿਟੀ ਇੰਡੈਕਸ ਬਹੁਤ ਉੱਪਰ ਚਲਾ ਜਾਂਦਾ ਹੈ, ਇਸ ਕਰਕੇ ਪਰਾਲੀ ਦੀ ਸੁਚੱਜੀ ਵਰਤੋਂ ਕਰਨੀ ਬੇਹਦ ਜਰੂਰੀ ਹੈ। ਹਾਲਾਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਹਿਲਾ ਹੈਪੀ ਸੀਡਰ ਫਿਰ ਸੁਪਰ ਸੀਡਰ ਅਤੇ ਹੁਣ ਮਲਚਰ ਮਸ਼ੀਨਾਂ ਕਿਸਾਨਾਂ ਨੂੰ ਪਰਾਲੀ ਦਾ ਨਬੇੜਾ ਖੇਤ ਵਿੱਚ ਹੀ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਇਹਨਾਂ ਤਕਨੀਕਾਂ 'ਤੇ ਕਿਸਾਨਾਂ ਨੂੰ ਪੈਸੇ ਖਰਚਣੇ ਪੈਂਦੇ ਹਨ ਜਾਂ ਫਿਰ ਸਰਕਾਰ ਵੱਲੋਂ ਇਹ ਕਿਰਾਏ 'ਤੇ ਮੁਹਈਆ ਕਰਵਾਈ ਜਾਂਦੀਆਂ ਹਨ। ਉਥੇ ਹੀ ਪੀਏਯੂ ਵੱਲੋਂ ਕੁਝ ਅਜਿਹੇ ਸਾਧਨ ਵੀ ਤਿਆਰ ਕੀਤੇ ਗਏ ਹਨ, ਜਿਸ ਨਾਲ ਨਾ ਸਿਰਫ ਕਿਸਾਨਾਂ ਦੀ ਆਮਦਨ ਵਧੇਗੀ ਸਗੋਂ ਪਰਾਲੀ ਦਾ ਵੀ ਨਬੇੜਾ ਹੋਵੇਗਾ।
ਕਿਵੇਂ ਕੰਮ ਕਰਦੀ ਤਕਨੀਕ: ਪਰਾਲੀ ਦੀ ਗੁੱਲੇ ਬਣਾਉਣ ਦੀ ਤਕਨੀਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਵਿਆਉਣ ਯੋਗ ਊਰਜਾ ਇੰਜੀਨੀਅਰਿੰਗ ਵਿਭਾਗ ਵੱਲੋਂ ਪਿਛਲੇ ਤਿੰਨ ਸਾਲ ਤੋਂ ਇਸ ਉੱਤੇ ਰਿਸਰਚ ਕੀਤੀ ਜਾ ਰਹੀ ਸੀ ਅਤੇ ਹੁਣ ਇਸ ਵਾਰ ਇਸ ਦੀ ਕਾਮਯਾਬੀ ਤੋਂ ਪੀਏਯੂ ਦੀ ਮੁੱਖ ਕਮੇਟੀ ਨੂੰ ਇਸ ਦੀ ਸਿਫਾਰਿਸ਼ ਕਰ ਦਿੱਤੀ ਗਈ ਹੈ ਤਾਂ ਜੋ ਇਹ ਕਿਸਾਨਾਂ ਲਈ ਅੱਗੇ ਸਿਫਾਰਿਸ਼ ਕੀਤੀ ਜਾ ਸਕੇ। ਵਿਭਾਗ ਦੇ ਮੁਖੀ ਡਾਕਟਰ ਰਾਜਨ ਅੱਗਰਵਾਲ, ਡਾਕਟਰ ਰਿਤੂ ਡੋਗਰਾ ਅਤੇ ਡਾਕਟਰ ਮਨਪ੍ਰੀਤ ਸਿੰਘ ਇਸ 'ਤੇ ਕੰਮ ਕਰ ਰਹੇ ਹਨ। ਜਿਨਾਂ ਨੇ ਦੱਸਿਆ ਕਿ ਪਰਾਲੀ ਦੇ ਗੁੱਲੇ ਬਣਾਉਣ ਲਈ ਚਾਰ ਤਕਨੀਕਾਂ ਦੀ ਵਰਤੋਂ ਕੀਤੀ ਗਈ ਜਾਂ ਇਸ ਨੂੰ ਚਾਰ ਪੜਾਅ ਦੇ ਰੂਪ ਵਿੱਚ ਵੀ ਵੇਖਿਆ ਜਾ ਸਕਦਾ ਹੈ। ਪਹਿਲੇ ਪੜਾਅ ਦੇ ਤਹਿਤ ਪਰਾਲੀ ਨੂੰ ਕੁਤਰਿਆ ਜਾਂਦਾ ਹੈ, ਉਸ ਤੋਂ ਬਾਅਦ ਉਸ ਨੂੰ ਸੁਖਾਇਆ ਜਾਂਦਾ ਹੈ, ਜਿਸ ਵਿੱਚ ਗ੍ਰਾਇੰਡਰ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਤੋਂ ਬਾਅਦ ਉਸ ਨੂੰ ਹੋਰ ਚੋਪ ਕੀਤਾ ਜਾਂਦਾ ਹੈ। ਫਿਰ ਉਸ ਨੂੰ ਗੁਲੇ ਬਣਾਉਣ ਦੇ ਲਈ ਮਸ਼ੀਨ ਦੇ ਵਿੱਚ ਪਾਇਆ ਜਾਂਦਾ ਹੈ। ਮਾਹਿਰਾਂ ਨੇ ਦੱਸਿਆ ਕਿ ਇਸ ਵਿੱਚ 100 ਫੀਸਦੀ ਪਰਾਲੀ ਦੀ ਹੀ ਵਰਤੋਂ ਹੁੰਦੀ ਹੈ ਅਤੇ ਇਸ ਪ੍ਰੋਸੈਸ ਦੇ ਰਾਹੀਂ ਪਰਾਲੀ ਨੂੰ ਬਾਲਣ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਇਸ ਦੇ ਅੱਗ ਲਾਉਣ ਦੇ ਨਾਲ ਪ੍ਰਦੂਸ਼ਣ ਵੀ ਨਹੀਂ ਫੈਲਦਾ। ਇਹ ਬਾਲਣ ਲੱਗਭਗ ਤਿੰਨ ਰੁਪਏ ਕਿਲੋ ਪੈਂਦਾ ਹੈ ਅਤੇ ਕਿਸਾਨ ਉਸ ਨੂੰ ਅੱਗੇ ਕਿਸੇ ਵੀ ਕੀਮਤ 'ਤੇ ਵੇਚ ਸਕਦੇ ਹਨ ਕਿਉਂਕਿ ਆਮ ਬਾਲਣ 8 ਤੋ 10 ਰੁਪਏ ਕਿਲੋ ਬਾਜ਼ਾਰ ਦੇ ਵਿੱਚ ਵਿਕਦਾ ਹੈ, ਇਹ ਬਾਲਣ ਇਸ ਦਾ ਚੰਗਾ ਬਦਲ ਹੋ ਸਕਦਾ ਹੈ।
ਤਿੰਨ ਸਾਲ ਦੀ ਖੋਜ ਤੋਂ ਬਾਅਦ ਇਹ ਤਕਨੀਕ ਤਿਆਰ ਕੀਤੀ ਗਈ ਹੈ। ਜਿਸ 'ਚ ਚਾਰ ਪੜਾਵਾਂ ਦਾ ਨਾਲ ਪਰਾਲੀ ਦਾ ਅਸਾਨੀ ਨਾਲ ਪ੍ਰਬੰਧਨ ਕੀਤਾ ਜਾ ਸਕਦਾ ਹੈ। ਇਸ ਤਕਨੀਕ ਨਾਲ ਪਰਾਲੀ ਨੂੰ ਬਾਲਣ ਦੇ ਰੂਪ 'ਚ ਬਦਲਿਆ ਜਾਂਦਾ ਹੈ, ਜਿਸ ਦੀ ਕੀਮਤ ਮਹਿਜ਼ ਤਿੰਨ ਰੁਪਏ ਕਿਲੋ ਪੈਂਦੀ ਹੈ, ਜਦਕਿ ਆਮ ਬਾਲਣ ਦੀ ਕੀਮਤ 8 ਤੋਂ 10 ਰੁਪਏ ਕਿਲੋ ਹੁੰਦੀ ਹੈ। ਇਸ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਸ ਪਰਾਲੀ ਨੂੰ ਬਾਲਣ ਵਜੋਂ ਵਰਤਣ 'ਤੇ ਪ੍ਰਦੂਸ਼ਣ ਵੀ ਨਹੀਂ ਹੁੰਦਾ।-ਡਾ. ਰਾਜਨ ਅਗਰਵਾਲ, ਮੁਖੀ ਨਵਿਓਣ ਯੋਗ ਊਰਜਾ ਇੰਜੀਨੀਅਰਿੰਗ ਵਿਭਾਗ, ਪੀਏਯੂ ਲੁਧਿਆਣਾ
ਕਿੰਨਾ ਖਰਚਾ: ਇਸ ਪ੍ਰੋਜੈਕਟ ਨੂੰ ਲਾਉਣ ਦੇ ਲਈ 20 ਤੋਂ 25 ਲੱਖ ਰੁਪਏ ਦਾ ਖਰਚਾ ਇੱਕ ਵਾਰ ਜ਼ਰੂਰ ਆਉਂਦਾ ਹੈ ਪਰ ਇੱਕ ਵਾਰੀ ਇਸ ਦੀ ਸਿਫਾਰਿਸ਼ ਕਰਨ ਤੋਂ ਬਾਅਦ ਇਸ 'ਤੇ ਸਬਸਿਡੀ ਮਿਲਣੀ ਵੀ ਸ਼ੁਰੂ ਹੋ ਜਾਵੇਗੀ। ਖੇਤੀ ਸੰਦ ਹੋਣ ਕਰਕੇ ਇਸ 'ਤੇ 80 ਫੀਸਦੀ ਤੱਕ ਦੀ ਸਬਸਿਡੀ ਵੀ ਅੱਗੇ ਜਾ ਕੇ ਮਿਲ ਸਕਦੀ ਹੈ। ਇਸ ਨੂੰ ਲਾਉਣ ਦੇ ਲਈ 500 ਗੱਜ ਜਗ੍ਹਾ ਵੀ ਕਾਫੀ ਹੈ, ਇਸ ਤੋਂ ਸਿਰਫ ਪਰਾਲੀ ਸੁਕਾਉਣ ਦੇ ਲਈ ਚਾਰ ਮਜ਼ਦੂਰਾਂ ਦੀ ਲੋੜ ਪੈਂਦੀ ਹੈ ਪਰ ਮਸ਼ੀਨ ਆਸਾਨੀ ਦੇ ਨਾਲ ਇਕੱਲਾ ਮਜ਼ਦੂਰ ਵੀ ਚਲਾ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਇਹ ਬਾਲਣ ਪੰਜ ਰੁਪਏ ਪ੍ਰਤੀ ਕਿਲੋ ਮਿਲਦਾ ਹੈ ਜੋ ਕਿ ਨੋ ਪ੍ਰੋਫਿਟ ਨੋ ਲੋਸ 'ਤੇ ਫਿਲਹਾਲ ਵੇਚਿਆ ਜਾ ਰਿਹਾ ਹੈ। ਬਾਜ਼ਾਰ ਦੇ ਵਿੱਚ ਵੀ ਇਸਦੀ ਕਾਫੀ ਡਿਮਾਂਡ ਹੈ। ਕਿਸਾਨ ਇਸ ਨੂੰ ਹੋਰ ਮਹਿੰਗਾ ਵੇਚ ਕੇ ਇਸ ਤੋਂ ਕਾਫੀ ਪੈਸੇ ਵੀ ਕਮਾ ਸਕਦੇ ਹਨ। ਇੱਕ ਘੰਟੇ ਦੇ ਵਿੱਚ ਇਹ ਲਗਭਗ 500 ਕਿਲੋ ਪਰਾਲੀ ਦੇ ਗੁੱਲੇ ਬਣਾ ਸਕਣ ਦੀ ਸਮਰੱਥਾ ਰੱਖਦਾ ਹੈ। ਇਸ ਦੇ ਵਿੱਚ ਦੋ ਮੋਟਰਾਂ ਲੱਗੀਆਂ ਹੋਈਆਂ ਹਨ, ਜੋ ਪਿਸਟਨ ਦੇ ਰਾਹੀਂ ਪਰਾਲੀ ਨੂੰ ਕੰਪਰੈਸ ਕਰਕੇ ਉਸ ਦੇ ਗੁੱਲੇ ਬਣਾਉਂਦੀਆਂ ਹਨ। ਡਾਕਟਰ ਰਾਜਨ ਅਗਰਵਾਲ ਨੇ ਦੱਸਿਆ ਹੈ ਕਿ ਇਸ ਤੋਂ ਇਲਾਵਾ 80 ਫੀਸਦੀ ਪਰਾਲੀ ਦੀ ਵਰਤੋਂ ਕਰਕੇ ਬਾਇਓ ਫਿਊਲ ਵੀ ਬਣਾਇਆ ਜਾ ਸਕਦਾ ਹੈ। ਜਦੋਂ ਕਿ ਇੱਕ ਏਕੜ ਦੇ ਵਿੱਚੋਂ ਲਗਭਗ ਢਾਈ ਟਨ ਪਰਾਲੀ ਨਿਕਲਦੀ ਹੈ। ਇਸ ਨਾਲ ਇੱਕ ਏਕੜ ਦੀ ਪਰਾਲੀ ਨੂੰ ਇੱਕ ਮਸ਼ੀਨ ਪੰਜ ਘੰਟਿਆਂ ਦੇ ਵਿੱਚ ਨਿਬੇੜ ਸਕਦੀ ਹੈ।
- Victims Mother Asha Rani Was Discharged: ਪੁੱਤ ਦੀ ਤਸ਼ੱਦਦ ਦਾ ਸ਼ਿਕਾਰ ਮਾਂ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ, ਮਾਂ ਨੂੰ ਲਿਜਾਇਆ ਗਿਆ ਸੁਪਨਿਆਂ ਦੇ ਘਰ
- Punjab jawan martyred in Rajouri: ਦੇਸ਼ ਸੇਵਾ ਦੇ ਲੇਖੇ ਲਾਈ ਪੰਜਾਬ ਦੇ ਇੱਕ ਹੋਰ ਪੁੱਤ ਨੇ ਆਪਣੀ ਜਾਨ, ਰਾਜੌਰੀ 'ਚ ਹੋਇਆ ਸ਼ਹੀਦ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
- Gurmeet Singh Meet Hayer Ring Ceremony: ਖੇਡ ਮੰਤਰੀ ਮੀਤ ਹੇਅਰ ਦਾ ਮੇਰਠ 'ਚ ਮੰਗਣਾ ਅੱਜ, ਡਾ. ਗੁਰਵੀਨ ਬਣਨ ਜਾ ਰਹੀ ਹੈ ਜੀਵਨਸਾਥੀ
ਪਰਾਲੀ ਵਰਤਣ ਦੇ ਹੋਰ ਢੰਗ: ਪਰਾਲੀ ਵਰਤਣ ਦੇ ਹੋਰ ਵੀ ਕਈ ਢੰਗ ਪੀਏਯੂ ਵੱਲੋਂ ਤਿਆਰ ਕੀਤੇ ਗਏ ਹਨ। ਜਿਨਾਂ ਵਿੱਚੋਂ ਇੱਕ ਢੰਗ ਬਾਗਾਂ ਦੇ ਵਿੱਚ ਬੂਟੀਆਂ ਦੇ ਥੱਲੇ ਪਰਾਲੀ ਵਿਛਾਉਣਾ ਹੈ, ਜਿਸ ਨਾਲ ਬੂਟੇ ਨੂੰ ਨਾ ਹੀ ਬਿਮਾਰੀ ਲੱਗਦੀ ਹੈ ਅਤੇ ਉਸ ਨੂੰ ਸਰਦੀਆਂ ਦੇ ਵਿੱਚ ਤਾਪਮਾਨ ਵੀ ਸਹੀ ਦਿੰਦਾ ਹੈ। ਇਸ ਤੋਂ ਇਲਾਵਾ ਡੰਗਰਾਂ ਦੇ ਵਾੜਿਆਂ ਥੱਲੇ ਪਰਾਲੀ ਵਿਛਾਉਣਾ, ਮਸ਼ਰੂਮ ਦੀ ਖੇਤੀ ਕਰਨ ਦੇ ਲਈ ਪਰਾਲੀ ਦੀ ਖਾਦ ਵੀ ਬਣਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਪਰਾਲੀ ਦੇ ਪੁੱਲੇ ਬਣਾ ਕੇ ਉਸ ਨੂੰ ਸਿੱਧੇ ਤੌਰ 'ਤੇ ਵੀ ਵਰਤੋ ਦੇ ਵਿੱਚ ਲਿਆਂਦਾ ਜਾ ਸਕਦਾ ਹੈ। ਪਰਾਲੀ ਦੀ ਵਰਤੋ ਚਾਰੇ ਦੇ ਵਜੋਂ ਵੀ ਡੰਗਰਾਂ ਨੂੰ ਪਾਉਣ ਲਈ ਕੀਤੀ ਜਾ ਸਕਦੀ ਹੈ। ਅਜਿਹੇ ਕਈ ਮਾਧਿਅਮ ਹਨ, ਜਿਸ ਨਾਲ ਪਰਾਲੀ ਦੀ ਵਰਤੋਂ ਕਰਕੇ ਕਿਸਾਨ ਉਸਦਾ ਨਬੇੜਾ ਕਰ ਸਕਦੇ ਨੇ ਪਰ ਗੁੱਲੇ ਬਣਾਉਣ ਦੀ ਤਕਨੀਕ ਦੇ ਨਾਲ ਜਿਆਦਾ ਪਰਾਲੀ ਦੀ ਵਰਤੋਂ ਹੁੰਦੀ ਹੈ ਅਤੇ ਕਿਸਾਨ ਨੂੰ ਇਸ ਤੋਂ ਮੁਨਾਫ਼ਾ ਵੀ ਹੋ ਸਕਦਾ ਹੈ।