ਲੁਧਿਆਣਾ: ਪਟਿਆਲਾ ਦੇ ਵਿੱਚ ਹੋਈ ਹਿੰਸਾ ਦਾ ਮਾਮਲਾ ਹੁਣ ਤੂਲ ਫੜਦਾ ਦਿਖਾਈ ਦੇ ਰਿਹਾ ਹੈ, ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਸ਼ਿਵ ਸੈਨਾ ਆਗੂ ਹਰੀਸ਼ ਸਿੰਘਲ ਤੇ ਪਰਵਾਨਾ ਨੂੰ ਪੂਰੇ ਮਾਮਲੇ ਦੇ ਵਿੱਚ ਮਾਸਟਰਮਾਈਂਡ ਦੱਸ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦੋਂ ਕਿ ਹੁਣ ਇਸ ਮਾਮਲੇ ਦੇ ਵਿੱਚ ਇਕ ਹੋਰ ਨਵਾਂ ਮੋੜ ਸਾਹਮਣੇ ਆ ਗਿਆ ਹੈ।
ਮਨਜਿੰਦਰ ਸਿਰਸਾ ਦੇ ਨਾਲ ਪਰਵਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੇ ਪੰਜਾਬ ਵਿੱਚ ਸਿਆਸੀ ਭੂਚਾਲ ਲਿਆ ਦਿੱਤਾ ਹੈ ਅਤੇ ਵਿਰੋਧੀ ਪਾਰਟੀਆਂ ਨੇ ਇਸ ਮਾਮਲੇ ਨੂੰ ਲੈ ਕੇ ਭਾਜਪਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ, ਕਾਂਗਰਸ ਅਤੇ ਅਕਾਲੀ ਦਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਇਸ ਸਬੰਧੀ ਵੀ ਜਾਂਚ ਹੋਣੀ ਚਾਹੀਦੀ ਹੈ, ਜਦੋਂ ਕਿ ਦੂਜੇ ਪਾਸੇ ਭਾਜਪਾ ਦੇ ਬੁਲਾਰੇ ਨੇ ਇਸ ਨੂੰ ਬੇਤੁਕੀ ਗੱਲ ਦੱਸਦਿਆਂ ਸਫ਼ਾਈ ਵੀ ਦਿੱਤੀ ਹੈ।
ਕਾਂਗਰਸ ਅਤੇ ਅਕਾਲੀ ਦਲ ਦਾ ਇਲਜ਼ਾਮ: ਪਰਵਾਨਾ ਦੀ ਮਨਜਿੰਦਰ ਸਿਰਸਾ ਦੇ ਨਾਲ ਤਸਵੀਰਾਂ ਵਾਇਰਲ ਹੋਣ ਦੇ ਮਾਮਲੇ ਤੋਂ ਬਾਅਦ ਲੁਧਿਆਣਾ ਤੋਂ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਨੇ ਕਿਹਾ ਹੈ ਕਿ ਇਹ ਪੂਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਨੇ ਕਈ ਸਾਲ ਅਤੱਵਾਦ ਦਾ ਸੰਤਾਪ ਭੋਗਿਆ ਹੈ ਅਤੇ ਹੁਣ ਮੁੜ ਤੋਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਨਾਕਾਮ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪ੍ਰਧਾਨ ਜਦੋਂ ਪਟਿਆਲਾ ਦੇ ਵਿੱਚ ਇਹ ਹਿੰਸਾ ਹੋਈ, ਉਸ ਤੋਂ ਥੋੜ੍ਹੀ ਦੇਰ ਪਹਿਲਾਂ ਉੱਥੇ ਮੌਜੂਦ ਸਨ। ਇਸ ਪੱਖ ਤੋਂ ਵੀ ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ।
ਉੱਧਰ ਦੂਜੇ ਪਾਸੇ ਅਕਾਲੀ ਦਲ ਦੇ ਲੁਧਿਆਣਾ ਤੋਂ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਇਹ ਬਿਆਨ ਜਾਰੀ ਕੀਤਾ ਸੀ ਕਿ ਇਹ ਲੜਾਈ ਅਕਾਲੀ ਦਲ ਅਤੇ ਭਾਜਪਾ ਦੀ ਹੋਈ ਹੈ। ਜਦੋਂ ਕਿ ਬਾਅਦ ਵਿੱਚ ਇਸ ਨੂੰ ਹੋਰ ਰੰਗਤ ਦੇ ਦਿੱਤੀ ਗਈ ਅਤੇ ਹੁਣ ਭਾਜਪਾ ਨੂੰ ਲੈ ਕੇ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ।
ਗਰੇਵਾਲ ਨੇ ਕਿਹਾ ਕਿ ਇਹ ਬਹੁਤ ਸੰਵੇਦਨਸ਼ੀਲ ਮਾਮਲਾ ਹੈ, ਇਸ ਮਾਮਲੇ ਦੀ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਸਾਡੀ ਫੋਰਸ ਨੇ ਚੰਗਾ ਕੰਮ ਕੀਤਾ ਹੈ ਅਤੇ ਬਾਅਦ ਵਿਚ ਸੀਨੀਅਰ ਅਧਿਕਾਰੀਆਂ ਨੂੰ ਹੀ ਬਦਲ ਦਿੱਤਾ। ਇਸ ਕਰਕੇ ਆਮ ਆਦਮੀ ਪਾਰਟੀ ਕੋਈ ਹੀ ਸਟੇਟਮੈਂਟ ਜਾਰੀ ਕਰ ਦਿੰਦੀ ਹੈ, ਜਦੋਂ ਕਿ ਪੰਜਾਬ ਦੇ ਵਿੱਚ ਕੁੱਝ ਵੀ ਕਹਿਣ ਤੋਂ ਪਹਿਲਾਂ ਸੋਚਣਾ ਸਮਝਣਾ ਚਾਹੀਦਾ ਹੈ। ਕਿਉਂਕਿ ਪੰਜਾਬ ਨੇ ਲੰਬਾ ਸੰਤਾਪ ਭੋਗਿਆ ਹੈ ਅਜਿਹੇ ਵਿੱਚ ਅਜਿਹੀ ਬਿਆਨਬਾਜ਼ੀ ਬਿਨ੍ਹਾਂ ਕਿਸੇ ਜਾਂਚ ਤੋਂ ਨਹੀਂ ਕਰਨੀ ਚਾਹੀਦੀ ਹੈ।
ਭਾਜਪਾ ਦੀ ਸਫ਼ਾਈ:- ਉੱਧਰ ਦੂਜੇ ਪਾਸੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਲੈ ਕੇ ਭਾਜਪਾ ਦੇ ਕੌਮੀ ਬੁਲਾਰੇ ਅਨਿਲ ਸਰੀਨ ਨੇ ਸਫ਼ਾਈ ਦਿੰਦਿਆਂ, ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ ਅਤੇ ਕਿਹਾ ਕਿ ਮਨਜਿੰਦਰ ਸਿਰਸਾ ਜਾਂ ਭਾਜਪਾ ਦਾ ਇਸ ਪੂਰੀ ਹਿੰਸਾ ਦੇ ਵਿੱਚ ਕੋਈ ਰੋਲ ਨਹੀਂ ਹੈ। ਉਨ੍ਹਾਂ ਕਿਹਾ ਇਹ ਟਸਲਬਾਜੀ ਹਰੀਸ਼ ਸਿੰਗਲਾ ਅਤੇ ਪਰਵਾਨਾ ਦੀ ਸੀ ਅਤੇ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਹੀ ਜਾਣਕਾਰੀ ਸੀ ਤਾਂ ਪਹਿਲਾਂ ਹੀ ਇਨ੍ਹਾਂ ਦੋਵਾਂ ਨੂੰ ਕਿਉਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਅਤੇ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਆਗੂ ਵੱਖਰੀ-ਵੱਖਰੀ ਥਾਂਵਾਂ 'ਤੇ ਮੌਜੂਦ ਸਨ ਤਾਂ ਪਟਿਆਲਾ ਕਾਲੀ ਮਾਤਾ ਮੰਦਿਰ 'ਤੇ ਹਮਲਾ ਕਿਵੇਂ ਹੋਇਆ, ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੱਕ ਤਸਵੀਰ ਵਿੱਚ ਮਨਜਿੰਦਰ ਸਿਰਸਾ ਅਤੇ ਪਰਵਾਨਾ ਦੇ ਨੇੜੇ ਹੋਣ ਨਾਲ ਇਹ ਸਾਬਿਤ ਨਹੀਂ ਹੋ ਜਾਂਦਾ ਕਿ ਇਸ ਵਿੱਚ ਸਿਰਸਾ ਦੀ ਕੋਈ ਸ਼ਮੂਲੀਅਤ ਹੈ, ਕਿਉਂਕਿ ਸਿਆਸੀ ਪਾਰਟੀਆਂ ਨੂੰ ਮੰਚ 'ਤੇ ਅਕਸਰ ਵਿਰੋਧੀ ਵੀ ਮਿਲਦੇ ਨੇ ਅਤੇ ਕਈ ਤਰ੍ਹਾਂ ਦੇ ਲੋਕ ਵੀ ਮੰਦੇ ਹਨ, ਇਸ ਦਾ ਮਤਲਬ ਇਹ ਨਹੀਂ ਕਿ ਉਸ ਪਾਰਟੀ ਦੇ ਉਸ ਨਾਲ ਸੰਬੰਧ ਹਨ।