ਲੁਧਿਆਣਾ: ਗਰੂ ਅੰਗਦ ਦੇਵ ਵੈਟਨਰੀ ਸਾਇੰਸ ਐਨੀਮਲ ਯੂਨੀਵਰਸਿਟੀ ਦੇ ਆਖ਼ਰੀ ਸਾਲ ਦੇ ਵਿਦਿਆਰਥੀ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਕਿ ਉਹ ਯੂਨੀਵਰਸਿਟੀ ਦੇ ਹਸਪਤਾਲ ਦੇ ਵਿੱਚ ਆਉਣ ਵਾਲੇ ਜਾਨਵਰਾਂ ਦਾ ਇਲਾਜ ਕਰਦੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਭੱਤੇ ਦੇ ਰੂਪ ਵਿੱਚ ਮਹਿਜ਼ 6200 ਰੁਪਏ ਦਿੱਤੇ ਜਾਂਦੇ ਹਨ ਜੋ ਕਿ ਬਹੁਤ ਜ਼ਿਆਦਾ ਘੱਟ ਹਨ ਜਦੋਂ ਕਿ ਹੋਰਨਾਂ ਗੁਆਂਢੀ ਸੂਬਿਆਂ ਦੇ ਵਿੱਚ ਇਹ ਭੱਤਾ ਕਿਤੇ ਜ਼ਿਆਦਾ ਹੈ।
ਇਸ ਨੂੰ ਲੈ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਬੀਤੇ ਕਈ ਸਾਲਾਂ ਤੋਂ ਸੰਘਰਸ਼ ਵਿੱਢਿਆ ਜਾ ਰਿਹਾ ਸੀ। ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇਸ ਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਆਖਿਰਕਾਰ ਸਰਕਾਰ ਨੂੰ ਝੁਕਣਾ ਪਿਆ ਅਤੇ ਵਿਦਿਆਰਥੀਆਂ ਦਾ ਭੱਤਾ 6200 ਤੋਂ ਵਧਾ ਕੇ 15 ਹਜ਼ਾਰ ਕਰਨ ਦਾ ਐਲਾਨ ਕਰ ਦਿੱਤਾ।
ਇਸ ਮਸਲੇ ਨੂੰ ਲੈਕੇ ਯੂਨੀਵਰਸਿਟੀ ਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਕੈਬਿਨੇਟ ਮੰਤਰੀ ਲਾਲਜੀਤ ਭੁੱਲਰ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਮੰਗ 15 ਸਾਲ ਤੋਂ ਚੱਲੀ ਆ ਰਹੀ ਸੀ ਪਰ ਕਿਸੇ ਵੀ ਸਰਕਾਰ ਨੇ ਇਸ ਵੱਲ ਕੋਈ ਗੌਰ ਨਹੀਂ ਫਰਮਾਈ ਅਤੇ ਆਖਰਕਾਰ ਉਨ੍ਹਾਂ ਵੱਲੋਂ ਅੱਜ ਵਿਦਿਆਰਥੀਆਂ ਨਾਲ ਮਿਲ ਕੇ ਇਹ ਐਲਾਨ ਕੀਤਾ ਗਿਆ ਕਿ ਉਨ੍ਹਾਂ ਨੂੰ ਹੁਣ ਹਰ ਮਹੀਨੇ 15 ਹਜ਼ਾਰ ਰੁਪਏ ਦਾ ਭੱਤਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ ਦਿਨ ਰਾਤ ਡਿਊਟੀਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਜਾਨਵਰ ਨੂੰ ਲਿਆਂਦਾ ਜਾਂਦਾ ਹੈ ਤਾਂ ਉਸ ਦਾ ਇਲਾਜ ਕਰਦੇ ਹਨ।
ਓਧਰ ਦੂਜੇ ਪਾਸੇ ਵਿਦਿਆਰਥੀਆਂ ਨੇ ਵੀ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਇਕ ਗੁਰਪ੍ਰੀਤ ਗੋਗੀ ਤੱਕ ਉਨ੍ਹਾਂ ਨੇ ਆਪਣੀ ਗੱਲ ਪਹੁੰਚਾਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਇਹ ਮਸਲਾ ਹੱਲ ਕੀਤਾ। ਉਨ੍ਹਾਂ ਕਿਹਾ ਕਿ ਉਹ ਧੰਨਵਾਦੀ ਹਨ ਕਿ ਉਨ੍ਹਾਂ ਵੱਲੋਂ ਸਾਨੂੰ ਰਾਹਤ ਦਿੱਤੀ ਗਈ ਹੈ ਜੋ ਕਿ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੇ ਸੀ ਅਤੇ ਇਸ ਸਬੰਧੀ ਉਨ੍ਹਾਂ ਵੱਲੋਂ ਭੁੱਖ ਹੜਤਾਲ ਵੀ ਕੀਤੀ ਗਈ ਸੀ।
ਇਹ ਵੀ ਪੜ੍ਹੋ: ਮੀਂਹ ਦੇ ਪਾਣੀ ਨਾਲ ਭਰਿਆ ਸਕੂਲ, ਸੱਪ ਦਿਖਾਈ ਦਿੱਤੇ ਤੈਰਦੇ, ਬੱਚਿਆਂ ’ਚ ਸਹਿਮ ਦਾ ਮਾਹੌਲ !