ਲੁਧਿਆਣਾ: ਕਿਸਾਨ ਅੰਦੋਲਨ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੀ ਕੇਂਦਰੀ ਮੰਤਰੀ ਨਾਲ ਮੁਲਾਕਾਤ ਹੋਈ ਹੈ ਅਤੇ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਟਰੇਨਾਂ ਚਲਾਉਣ ਦਾ ਭਰੋਸਾ ਦਿੱਤਾ ਹੈ ਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀ ਭਾਜਪਾ ਨਹੀਂ ਚਾਹੁੰਦੀ ਕਿ ਕਿਸਾਨਾਂ ਦਾ ਮਸਲਾ ਹੱਲ ਹੋਵੇ।
ਉਨ੍ਹਾਂ ਕਿਹਾ ਕਿ 'ਪੰਜਾਬ ਦੀ ਕਾਂਗਰਸ ਸਰਕਾਰ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਹੈ ਅਤੇ ਕੇਂਦਰ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੋ ਧਰਨਾ ਲਾਇਆ ਗਿਆ ਹੈ ਉਹ ਕਿਸਾਨਾਂ ਵੱਲੋਂ ਲਾਇਆ ਗਿਆ ਹੈ ਨਾ ਕਿ ਕਾਂਗਰਸ ਵੱਲੋਂ..ਬਿੱਟੂ ਨੇ ਮੁੜ ਤੋਂ ਹਰਦੀਪ ਪੁਰੀ ਨੂੰ ਜਾਅਲੀ ਸਰਦਾਰ ਨੇ ਦੱਸਿਆ ਅਤੇ ਕਿਹਾ ਕਿ ਚੁੱਘ ਐਂਡ ਕੰਪਨੀ ਪੰਜਾਬ ਦੇ ਕਿਸਾਨਾਂ ਦਾ ਭਲਾ ਨਹੀਂ ਚਾਹੁੰਦੀਆਂ..'
ਇਸ ਮੌਕੇ ਉਨ੍ਹਾਂ ਨੇ ਲੁਧਿਆਣਾ ਦੇ ਵਿਕਾਸ ਕਾਰਜਾਂ ਸਬੰਧੀ ਉਨ੍ਹਾਂ ਅਫ਼ਸਰਾਂ ਤੋਂ ਜਾਇਜ਼ਾ ਲਿਆ ਅਤੇ ਨਾਲ ਹੀ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇੱਥੋਂ ਸੰਸਦ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਅੱਜ ਬੱਚਤ ਭਵਨ ਵਿਖੇ ਇੱਕ ਬੈਠਕ ਕੀਤੀ।
ਇਸ ਦੌਰਾਨ ਦੌਰਾਨ ਰਵਨੀਤ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਹਾਰ ਚੋਣਾਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਚੈਨਲਾਂ ਤੇ ਕਾਂਗਰਸ ਨੂੰ ਬਹੁਮਤ ਮਿਲ ਰਿਹਾ ਸੀ ਪਰ ਜੋ ਅਸਲ ਤਸਵੀਰ ਸਾਹਮਣੇ ਆਈ ਹੈ ਉਸ ਤੋਂ ਕਾਫੀ ਹੈਰਾਨੀ ਹੋਈ ਹੈ।
ਉੱਧਰ ਨਾਲ ਹੀ ਉਨ੍ਹਾਂ ਬੀਤੇ ਦਿਨੀਂ ਨਸ਼ਾ ਤਸਕਰ ਗੁਰਦੀਪ ਸਿੰਘ ਦੇ ਮਾਮਲੇ ਵਿੱਚ ਵੀ ਬੋਲਦਿਆਂ ਕਿਹਾ ਕਿ ਅਜਿਹੇ ਲੋਕ ਅਕਸਰ ਸਿਆਸੀ ਲੀਡਰਾਂ ਦੇ ਅੱਗੇ ਪਿੱਛੇ ਘੁੰਮ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਇਸ ਦੀ ਤਹਿ ਤੱਕ ਜਾਇਆ ਜਾਵੇਗਾ ਅਤੇ ਜੋ ਕੋਈ ਵੀ ਇਸ ਵਿੱਚ ਮੁਲਜ਼ਮ ਹੋਵੇਗਾ ਉਸ ਖ਼ਿਲਾਫ਼ ਕਾਰਵਾਈ ਹੋਵੇਗੀ।