ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਦੇ ਨਤੀਜਿਆਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਮੁੱਖ ਚੋਣ ਅਫਸਰ ਵਰਿੰਦਰ ਸ਼ਰਮਾ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਤਿਆਰੀਆਂ ਸਬੰਧੀ ਵੇਰਵਾ ਦਿੱਤਾ ਗਿਆ।
ਲੁਧਿਆਣਾ ਦੇ ਮੁੱਖ ਚੋਣ ਅਫਸਰ ਨੇ ਦੱਸਿਆ ਕਿ 14 ਵਿਧਾਨ ਸਭਾ ਹਲਕਿਆਂ ਦੀ ਵੋਟਾਂ ਦੀ ਗਿਣਤੀ ਲਈ ਵੱਖ ਵੱਖ ਕਾਊਂਟਿੰਗ ਸੈਂਟਰ ਬਣਾਏ ਗਏ ਹਨ। ਉਨ੍ਹਾਂ ਕਾਊਂਟਿੰਗ ਸੈਂਟਰਾਂ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇੱਕ ਇੱਕ ਕਾਊਂਟਿੰਗ ਸੈਂਟਰ ਵਿੱਚ 7-7 ਟੇਬਲ ਲਗਵਾਏ ਜਾਣਗੇ ਜਿਸ ਦਾ ਮਤਲਬ ਹੈ ਕਿ 14 ਟੇਬਲ ਲੱਗਣਗੇ ਜਿੰਨ੍ਹਾਂ ’ਤੇ ਵੋਟਾਂ ਦੀ ਗਿਣਤੀ ਹੋਵੇਗੀ।
ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇੱਕ ਟੇਬਲ ’ਤੇ ਕਾਊਂਟਿੰਗ ਸੁਪਰਵਾਈਜ਼ਰ, ਕਾਊਂਟਿੰਗ ਮਾਈਕ੍ਰੋ ਅਬਜ਼ਰਵਰ ਅਤੇ ਕਾਊਂਟਿੰਗ ਆਬਜ਼ਰਵਰਾਂ ਦੀ ਤੈਨਾਤੀ ਹੋਵੇਗੀ। ਕੁੱਲ ਮਿਲਾ ਕੇ ਲੁਧਿਆਣਾ ਦੇ ਸਾਰੇ ਵਿਧਾਨਸਭਾ ਹਲਕਿਆਂ ਲਈ 882 ਚੋਣ ਅਮਲੇ ਦੀ ਤਾਇਨਾਤੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕਾਊਂਟਿੰਗ ਸੈਂਟਰ ਵਿੱਚ ਮੋਬਾਇਲ ਲਿਜਾਣ ’ਤੇ ਪਾਬੰਦੀ ਹੋਵੇਗੀ ਇਸ ਤੋਂ ਇਲਾਵਾ ਪਾਰਟੀ ਦਾ ਜਾਂ ਤਾਂ ਉਮੀਦਵਾਰ ਜਾਂ ਫਿਰ ਪੋਲਿੰਗ ਏਜੰਟ ਹੀ ਕਾਊਂਟਿੰਗ ਸੈਂਟਰ ਦੇ ਅੰਦਰ ਜਾ ਸਕੇਗਾ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਲੁਧਿਆਣਾ ਦੇ ਗਿੱਲ ਅਤੇ ਸਾਹਨੇਵਾਲ ਹਲਕੇ ਵਿੱਚ ਵੋਟਾਂ ਦੀ ਗਿਣਤੀ ਲਈ ਗੇੜ ਹੋਣਗੇ।
ਉੱਧਰ ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਧਾਰਾ 144 ਉਸ ਦਿਨ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਵਰਤੀ ਜਾਵੇਗੀ। ਕਮਿਸ਼ਨਰ ਨੇ ਦੱਸਿਆ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣਗੇ ਜਿਸ ਥਾਂ ’ਤੇ ਵੋਟਾਂ ਦੀ ਗਿਣਤੀ ਹੋਣੀ ਹੈ ਉਸ ਤੋਂ 100 ਮੀਟਰ ਤੱਕ ਦੀ ਦੂਰੀ ਤੱਕ ਕਿਸੇ ਨੂੰ ਵੀ ਪਾਰਕਿੰਗ ਦੀ ਕੋਈ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਥ੍ਰੀ ਲੇਅਰ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੋਟਾਂ ਦੀ ਗਿਣਤੀ ਖਤਮ ਹੋਣ ਤੋਂ ਬਾਅਦ 45 ਦਿਨਾਂ ਤੱਕ ਈਵੀਐੱਮ ਸੀਲ ਕਰ ਦਿੱਤੀਆਂ ਜਾਣਗੀਆਂ ਅਤੇ ਜੇਕਰ ਕਿਸੇ ਨੂੰ ਵੀ ਈਵੀਐਮ ਦੀ ਗਿਣਤੀ ’ਤੇ ਕੋਈ ਸ਼ੰਕਾ ਹੋਵੇਗੀ ਤਾਂ ਵੀ ਵੀ ਪੈਟ ਦੀ ਗਿਣਤੀ ਵੀ ਕੀਤੀ ਜਾ ਸਕਦੀ ਹੈ।
ਇਸਦੇ ਨਾਲ ਹੀ ਉਨ੍ਹਾਂ ਸੁਰੱਖਿਆ ਨੂੰ ਲੈਕੇ ਦੱਸਿਆ ਕਿ ਬਾਹਰਲੀ ਸੁਰੱਖਿਆ ਮੁਲਾਜ਼ਮਾਂ ਤੋਂ ਇਲਾਵਾ ਪੰਜਾਬ ਪੁਲੀਸ ਦੀਆਂ ਟੁਕੜੀਆਂ ਤੈਨਾਤ ਰਹਿਣਗੀਆਂ ਪਰ ਉਨ੍ਹਾਂ ਨੂੰ ਕਾਊਂਟਿੰਗ ਸੈਂਟਰ ’ਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਵੋਟਾਂ ਦੀ ਗਿਣਤੀ ਕਰਨ ਵਾਲਾ ਅਮਲਾ ਅਤੇ ਉਮੀਦਵਾਰ ਜਾਂ ਪੋਲਿੰਗ ਏਜੰਟ ਦੇ ਅੰਦਰ ਜਾਣ ਦਾ ਰਾਹ ਵੱਖਰਾ ਵੱਖਰਾ ਹੋਵੇਗਾ।
ਇਹ ਵੀ ਪੜ੍ਹੋ: ਚੋਣ ਸਰਵੇਖਣਾਂ ਦਾ ਭੰਬਲਭੂਸਾ !