ਲੁਧਿਆਣਾ: ਫਿਰੋਜ਼ਪੁਰ ਦੇ ਵਿੱਚ ਭਾਜਪਾ ਦੀ ਰੈਲੀ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਰੈਲੀ ਚ ਨਾ ਪਹੁੰਚਣ ਦਾ ਮਾਮਲਾ ਹੁਣ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ਦੇ ਵਿੱਚ ਹੁਣ ਜਿੱਥੇ ਮੁੱਖ ਮੰਤਰੀ ਪੰਜਾਬ ਪਹਿਲਾਂ ਹੀ ਆਪਣਾ ਸਪੱਸ਼ਟੀਕਰਨ ਦੇ ਚੁੱਕੇ ਹਨ। ਉੱਥੇ ਹੀ ਭਾਜਪਾ ਵੱਲੋਂ ਲਗਾਤਾਰ ਕਾਂਗਰਸ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਅਤੇ ਪੰਜਾਬ ਅੰਦਰ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਇਸੇ ਨੂੰ ਲੈ ਕੇ ਲੁਧਿਆਣਾ ਵਿੱਚ ਭਾਜਪਾ ਦੀ ਪੰਜਾਬ ਪੱਧਰੀ ਲੀਡਰਸ਼ਿੱਪ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਇੱਕ ਵਿਅਕਤੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ ਜਿਸ ਨੂੰ ਤੁਰੰਤ ਭਾਜਪਾ ਵਰਕਰਾਂ ਨੇ ਫੜ ਲਿਆ ਅਤੇ ਮਾਹੌਲ ਤਣਾਅਪੂਰਨ ਹੋ ਗਿਆ। ਪਰ ਸਮਾਂ ਰਹਿੰਦਿਆਂ ਪੁਲਿਸ ਨੇ ਆ ਕੇ ਵਿਚ ਬਚਾਅ ਕੀਤਾ ਅਤੇ ਉਸ ਵਿਅਕਤੀ ਨੂੰ ਹਿਰਾਸਤ ਚ ਲੈ ਲਿਆ।
'ਕਾਂਗਰਸ ਸਰਕਾਰ ਨੇ ਕੀਤੀ ਅਮਨ ਸ਼ਾਂਤੀ ਭੰਗ'
ਭਾਜਪਾ ਦੇ ਸੀਨੀਅਰ ਆਗੂ ਜੀਵਨ ਗੁਪਤਾ ਨੇ ਕਿਹਾ ਕਿ ਜੋ ਕਾਂਗਰਸ ਸਰਕਾਰ ਨੇ ਬੀਤੇ ਦਿਨੀਂ ਕੀਤਾ ਉਹ ਸਹੀ ਨਹੀਂ ਸੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੋਤਾਹੀ ਵਰਤੀ ਗਈ ਹੈ ਜੋ ਕਿ ਬਰਦਾਸ਼ਤ ਲਾਇਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਨੇ ਕੁਝ ਤੋਹਫ਼ੇ ਦੇ ਕੇ ਜਾਣੇ ਸੀ ਪਰ ਪੰਜਾਬ ਦੀ ਕਾਂਗਰਸ ਸਰਕਾਰ ਪੰਜਾਬ ਵਿੱਚ ਅਮਨ ਸ਼ਾਂਤੀ ਨਹੀਂ ਰਹਿਣ ਦੇਣਾ ਚਾਹੁੰਦੀ। ਜੀਵਨ ਗੁਪਤਾ ਨੇ ਇਸ ਦੌਰਾਨ ਸ਼ਖ਼ਸ ਵੱਲੋਂ ਕੀਤੇ ਹੰਗਾਮੇ ਨੂੰ ਲੈ ਕੇ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਨੇ ਪ੍ਰਦਰਸ਼ਨ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਪੁਲਿਸ ਨੇ ਫੜ ਲਿਆ।
ਹੰਗਾਮਾ ਕਰਨ ਵਾਲਾ ਵਿਅਕਤੀ ਪੁਲਿਸ ਹਿਰਾਸਤ ’ਚ
ਉੱਥੇ ਹੀ ਦੂਜੇ ਪਾਸੇ ਮੌਕੇ ’ਤੇ ਤੈਨਾਤ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਵਿਅਕਤੀ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ। ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਵੱਲੋਂ ਮੰਗ ਪੱਤਰ ਡਿਪਟੀ ਕਮਿਸ਼ਨਰ ਦੇ ਨਾਂ ਦਿੱਤਾ ਜਾਣਾ ਹੈ ਜੋ ਕਿ ਇਨ੍ਹਾਂ ਦਾ ਲੋਕਤੰਤਰਿਕ ਅਧਿਕਾਰ ਹੈ ਅਤੇ ਜਿਸ ਵਿਅਕਤੀ ਨੇ ਸਭ ਹੰਗਾਮਾ ਕੀਤਾ ਉਸ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: PM Modi's Security Lapse: ਸੁਪਰੀਮ ਕੋਰਟ ਵੱਲੋਂ ਰਿਕਾਰਡ ਸੰਭਾਲਣ ਦੇ ਹੁਕਮ, 10 ਜਨਵਰੀ ਨੂੰ ਮੁੜ ਸੁਣਵਾਈ