ਲੁਧਿਆਣਾ: ਅੱਨਲੌਕ ਭਾਗ-1 ਤੋਂ ਬਾਅਦ ਕੇਂਦਰ ਸਰਕਾਰ ਲਗਾਤਾਰ ਵੱਖ-ਵੱਖ ਮਹਿਕਮਿਆਂ ਵਿੱਚ ਢਿੱਲ ਦੇ ਰਹੀ ਹੈ ਤੇ ਕੰਮ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਪੰਜਾਬ ਵਿੱਚ ਬੁੱਧਵਾਰ ਤੋਂ ਪਾਸਪੋਰਟ ਦਫਤਰ ਮੁੜ ਤੋਂ ਖੁਲ੍ਹ ਚੁੱਕੇ ਹਨ। ਇਸ ਤਹਿਤ ਹੀ ਲੁਧਿਆਣਾ ਦੇ ਪਾਸਪੋਰਟ ਦਫ਼ਤਰ ਦੇ ਬਾਹਰ ਲੋਕ ਆਪਣੇ ਪਾਸਪੋਰਟ ਬਣਾਉਣ ਤੇ ਰੀਨਿਊ ਕਰਵਾਉਣ ਲਈ ਪਹੁੰਚ ਰਹੇ ਜਿਨ੍ਹਾਂ ਨੂੰ ਦਫ਼ਤਰ ਵੱਲੋਂ ਮੈਸੇਜ ਭੇਜਿਆ ਗਿਆ ਸੀ।
ਪਾਸਪੋਰਟ ਦਫ਼ਤਰ ਦੇ ਬਾਹਰ ਸਮਾਜਕ ਦੂਰੀ ਬਣਾਈ ਰੱਖਣ ਲਈ ਨਿਸ਼ਾਨ ਲਗਾਏ ਗਏ ਹਨ ਤੇ ਦਫਤਰ ਵਿੱਚ ਵੀ ਅੱਧਾ ਹੀ ਸਟਾਫ ਕੰਮ ਕਰ ਰਿਹਾ ਹੈ। ਮੌਕੇ 'ਤੇ ਤੈਨਾਤ ਪੁਲਿਸ ਮੁਲਾਜ਼ਮ ਏ.ਐਸ.ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵਿਸ਼ੇਸ਼ ਤੌਰ 'ਤੇ ਪਾਸਪੋਰਟ ਦਫਤਰ ਦੇ ਬਾਹਰ ਡਿਊਟੀ ਲਾਈ ਗਈ ਹੈ।
ਉਨ੍ਹਾਂ ਕਿਹਾ ਕਿ ਦਫਤਰ ਦੇ ਬਾਹਰ ਭੀੜ ਇਕੱਠੀ ਨਹੀਂ ਹੋਣ ਦਿੱਤੀ ਜਾ ਰਹੀ ਅਤੇ ਬਿਨਾਂ ਮਾਸਕ ਦੇ ਕਿਸੇ ਨੂੰ ਵੀ ਅੰਦਰ ਵੀ ਨਹੀਂ ਆਉਣ ਦਿੱਤਾ ਜਾ ਰਿਹਾ। ਏ.ਐਸ.ਆਈ. ਦਾ ਕਹਿਣਾ ਸੀ ਕਿ ਪਾਸਪੋਰਟ ਦਫ਼ਤਰ ਦੇ ਬਾਹਰ ਹੈਂਡ ਸੈਨੀਟਾਈਜ਼ ਕਰਕੇ ਅਤੇ ਟੈਂਪਰੇਚਰ ਚੈੱਕ ਕਰਕੇ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਨੇ ਵੀ ਕਿਹਾ ਕਿ ਸਿਰਫ ਜਿਨ੍ਹਾਂ ਨੂੰ ਮੈਸੇਜ ਆ ਰਹੇ ਹਨ ਉਨ੍ਹਾਂ ਨੂੰ ਹੀ ਦਫਤਰ ਬੁਲਾਇਆ ਜਾ ਰਿਹਾ ਹੈ।