ਲੁਧਿਆਣਾ: ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲਗਾਤਾਰ ਕੰਮ ਕਰ ਰਹੇ ਪੰਡਿਤ ਰਾਓ ਧਰੇਨਵਰ ਨੇ ਹੁਣ ਜੇਲ੍ਹਾਂ ਦੇ ਵਿੱਚ ਕੈਦੀਆਂ ਨੂੰ ਲੱਚਰ ਗਾਇਕੀ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਹੀ ਪੰਡਿਤ ਰਾਓ ਧਰੇਨਵਰ ਨੇ ਲੁਧਿਆਣਾ ਦੇ ਕੇਂਦਰੀ ਸੁਧਾਰ ਘਰ ਵਿੱਚ ਕੈਦੀਆਂ ਨੂੰ ਲੱਚਰ ਗਾਇਕੀ ਵਿਰੁੱਧ ਤੇ ਨਸ਼ੇ ਦੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ।
ਪੰਡਿਤ ਰਾਓ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੈਦੀਆਂ ਨੂੰ ਵੀ ਸੁਧਰਨ ਦਾ ਇਕ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸੇ ਕਰਕੇ ਉਹ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀ ਕੈਦੀਆਂ ਨੂੰ ਲੱਚਰ ਗਾਇਕੀ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਲੁਧਿਆਣਾ ਜੇਲ੍ਹ ਦਾ ਮਾਹੌਲ ਵੇਖ ਕੇ ਉਹ ਕਾਫ਼ੀ ਸੰਤੁਸ਼ਟ ਹੋਏ ਹਨ ਤੇ ਕੈਦੀਆਂ ਨੇ ਉਨ੍ਹਾਂ ਦੀ ਗੱਲ ਕਾਫੀ ਧਿਆਨ ਨਾਲ ਸੁਣੀ ਹੈ ਤੇ ਉਸ 'ਤੇ ਗੌਰ ਫਰਮਾਉਣ ਦਾ ਵੀ ਭਰੋਸਾ ਦਿੱਤਾ। ਹਾਲਾਂਕਿ ਪੰਡਿਤ ਰਾਓ ਧਰੇਨਵਰ ਕਰਨਾਟਕਾ ਦੇ ਮੂਲ ਵਾਸੀ ਨੇ ਪਰ ਪੰਜਾਬੀ ਭਾਸ਼ਾ ਪ੍ਰਤੀ ਉਨ੍ਹਾਂ ਦਾ ਪਿਆਰ ਅਤੇ ਸਤਿਕਾਰ ਵੇਖ ਕੇ ਇੰਝ ਲੱਗਦਾ ਹੈ ਕਿ ਸਾਰੇ ਪੰਜਾਬੀਆਂ ਨੂੰ ਅਜਿਹਾ ਹੀ ਹੰਭਲਾ ਮਾਰਨਾ ਚਾਹੀਦਾ ਹੈ।