ਲੁਧਿਆਣਾ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਬੀਤੇ ਮਹੀਨੇ ਹਰਿਆਣਾ ਦੇ ਕਰਨਾਲ ਤੋਂ ਜ਼ਬਤ ਕੀਤੀ ਗਈ ਆਈ ਈ ਡੀ ਦੇ ਮਾਮਲੇ ਵਿੱਚ ਪੰਜਾਬ ਭਰ ਦੇ ਅੰਦਰ ਵੱਖ ਵੱਖ ਜ਼ਿਲ੍ਹਿਆਂ ਵਿਚ ਦੇਰ ਰਾਤ ਛਾਪੇਮਾਰੀ ਕੀਤੀ ਗਈ ਅਤੇ ਇਸ ਛਾਪੇਮਾਰੀਆਂ ਦੇ ਦੌਰਾਨ ਪਾਕਿਸਤਾਨ ਵਿੱਚ ਬੈਠੇ ਦਹਿਸ਼ਤਗਰਦੀ ਸੰਗਠਨ ਦੇ ਮੁੱਖ ਕਾਰਕੁਨ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਨਾਲ ਸਬੰਧਿਤ ਲਿੰਕ ਏਜੰਸੀ ਵੱਲੋਂ ਲੱਭੇ ਜਾ ਰਹੇ ਹਨ।
ਜ਼ਿਕਰ ਏ ਖਾਸ ਹੈ ਕਿ ਇਸ ਮਾਮਲੇ ਵਿਚ ਚਾਰ ਦਹਿਸ਼ਤਗਰਦਾਂ ਵਿੱਚੋਂ ਇਕ ਲੁਧਿਆਣਾ ਤੋਂ ਸਬੰਧਤ ਸੀ ਜਿਸ ਦਾ ਘਰ ਭੱਟੀਆਂ ਵਿੱਚ ਸਥਿਤ ਹੈ ਅਤੇ ਉਸ ਦੇ ਘਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਦੇਰ ਰਾਤ ਛਾਪੇਮਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਫੜੇ ਗਏ ਹੋਰ ਤਿੰਨ ਮੁਲਜ਼ਮਾਂ ਦੇ ਨਾਲ ਸਬੰਧਤ ਥਾਵਾਂ ਤੇ ਵੀ ਐਨਆਈਏ ਵੱਲੋਂ ਦਬਿਸ਼ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੇਰ ਰਾਤ ਲੁਧਿਆਣਾ ਫਿਰੋਜ਼ਪੁਰ ਗੁਰਦਾਸਪੁਰ ਸਣੇ ਸੱਤ ਥਾਵਾਂ ਤੇ ਇਹ ਛਾਪੇਮਾਰੀ ਹੋਈ ਹੈ ਜਿਸ ਵਿੱਚ ਡਿਜੀਟਲ ਉਪਕਰਨ ਅਤੇ ਆਰਥਿਕ ਲੈਣ ਦੇਣ ਜਾਇਦਾਦ ਸਬੰਧੀ ਦਸਤਾਵੇਜ਼ ਅਤੇ ਹੋਰ ਇਤਰਾਜ਼ ਯੋਗ ਸਮੱਗਰੀ ਐੱਨਆਈਏ ਵੱਲੋਂ ਜ਼ਬਤ ਕੀਤੀ ਗਈ ਹੈ। ਹਾਲਾਂਕਿ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੀ ਜਾਂਚ ਕਰ ਰਹੀ ਹੈ।
ਮਾਮਲਾ ਪੰਜ ਮਈ ਦਾ ਹੈ ਜਦੋਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਵਿੱਚ ਟੋਲ ਪਲਾਜ਼ਾ ’ਤੇ ਇਨੋਵਾ ਕਾਰ ’ਚ ਚਾਰ ਦਹਿਸ਼ਤਗਰਦਾਂ ਨੂੰ ਹਰਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿੰਨ੍ਹਾਂ ਕੋਲੋਂ ਵੱਡੀ ਗਿਣਤੀ ’ਚ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਸੀ। ਇੰਨ੍ਹਾਂ ਵਿੱਚ ਤਿੰਨ ਕੋਲ ਆਈਈਡੀ ਵੀ ਸੀ ਜਿੰਨ੍ਹਾਂ ਨੂੰ ਪੁਣੇ ਅਤੇ ਹੋਰ ਦੇਸ਼ ਦੇ ਇਲਾਕਿਆਂ ਦੇ ਅੰਦਰ ਧਮਾਕਾ ਕਰਕੇ ਦਹਿਸ਼ਤ ਫੈਲਾਉਣਾ ਸੀ। ਇਸੇ ਨੂੰ ਲੈ ਕੇ ਹੁਣ ਐੱਨ ਆਈ ਏ ਇਸ ਦੀ ਜਾਂਚ ਕਰ ਰਹੀ ਹੈ ਐਨਆਈਏ ਵੱਲੋਂ ਪਹਿਲਾਂ ਹੀ ਦਹਿਸ਼ਤਗਰਦਾਂ ਨੂੰ ਲੈ ਕੇ ਜੋ ਸੂਚੀ ਜਾਰੀ ਕੀਤੀ ਹੈ ਉਸ ਵਿੱਚ ਪੰਜਾਬ ਤੋਂ ਸਬੰਧਤ ਸਭ ਤੋਂ ਵੱਧ ਦਹਿਸ਼ਤਗਰਦ ਹਨ।
ਇਹ ਵੀ ਪੜ੍ਹੋ: ਅਸਲੇ ਦਾ ਲਾਇਸੈਂਸ ਲੈਣ ਲਈ ਰਚੀ ਝੂਠੀ ਕਹਾਣੀ,ਦੋ ਸਾਥੀਆਂ ਸਮੇਤ ਗ੍ਰਿਫ਼ਤਾਰ