ਲੁਧਿਆਣਾ : ਸਿਆਸਤ ਦੇ ਬਾਬਾ ਬੋਹੜ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੇ ਸਮਾਗਮਾਂ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਹੋਏ। ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਅਮਿਤ ਸ਼ਾਹ ਅੱਗੇ ਆਪਣੇ ਸੰਬੋਧਨ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਅਤੇ ਇਸ ਮੁੱਦੇ ਉਤੇ ਉਨ੍ਹਾਂ ਨੇ ਸੰਬੋਧਤ ਕੀਤਾ ਅਤੇ ਕਿਹਾ ਕਿ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਡੱਕੇ ਹੋਏ ਹਨ। ਉਨ੍ਹਾਂ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਇਸ ਬਿਆਨ ਨੂੰ ਲੈ ਕੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਭੜਕਦੇ ਹੋਏ ਵਿਖਾਈ ਦੇ ਰਹੇ ਹਨ ਅਤੇ ਇਸ ਸਬੰਧੀ ਇਕ ਵੀਡੀਓ ਜਾਰੀ ਕਰ ਕੇ ਉਨ੍ਹਾਂ ਨੇ ਸਖਤ ਵਿਰੋਧ ਜਤਾਇਆ ਹੈ।
ਜੇਕਰ ਐਸਜੀਪੀਸੀ ਪ੍ਰਧਾਨ ਨੇ ਮੰਗ ਕਰਨ ਸੀ, ਤਾਂ ਬੇਅਦਬੀ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ : ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਦੇ ਭੋਗ ਮੌਕੇ ਅਜਿਹੀ ਗੱਲ ਐੱਸਜੀਪੀਸੀ ਦੇ ਪ੍ਰਧਾਨ ਨੂੰ ਸੋਭਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ sgpc ਦੇ ਪ੍ਰਧਾਨ ਬਾਦਲਾਂ ਦੀ ਜੇਬ੍ਹ ਵਿਚੋਂ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਮਿਤ ਸ਼ਾਹ ਦੇ ਅੱਗੇ ਜੇਕਰ ਕੋਈ ਗੱਲ ਕਰਨੀ ਸੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ, ਜੋ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਸ ਵਿੱਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੀ ਮੰਗ ਕਰਨੀ ਸੀ। ਉਨ੍ਹਾਂ ਨੇ ਇਹ ਗੱਲ ਇਸ ਕਾਰਨ ਨਹੀਂ ਕੀਤੀ ਕਿਉਂਕਿ ਉਸ ਸਮੇਂ ਬਾਦਲਾਂ ਦੀ ਸਰਕਾਰ ਸੀ ਤੇ ਉਨ੍ਹਾਂ ਦਾ ਨਾਂ ਵਿੱਚ ਆਉਣਾ ਸੀ, ਇਸੇ ਕਰ ਕੇ ਉਨ੍ਹਾਂ ਨੇ ਇਹ ਗੱਲ ਕਰਨੀ ਮੁਨਾਸਿਬ ਨਹੀਂ ਸਮਝੀ।
ਬੇਅੰਤ ਸਿੰਘ ਉਤੇ ਹੋਏ ਹਮਲੇ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੀ ਵੀ ਮਦਦ ਕਰੇ ਸਰਕਾਰ : ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਜਾਰੀ ਕੀਤੇ ਗਏ ਆਪਣੇ ਬਿਆਨ ਵਿੱਚ ਕਿਹਾ ਗਿਆ ਕਿ ਅੱਜ ਐਸਜੀਪੀਸੀ ਕਰੋੜਾਂ ਰੁਪਏ ਗੁਰੂ ਘਰ ਦੀਆਂ ਗੋਲਕਾਂ ਦਾ ਅਜਿਹੇ ਸਿੱਖ ਕੈਦੀਆਂ ਦੇ ਵਕੀਲਾਂ ਉਤੇ ਬਰਬਾਦ ਕਰ ਰਹੀ ਹੈ, ਜਿਨ੍ਹਾਂ ਨੇ ਪੰਜਾਬ ਵਿੱਚ ਮਾਹੌਲ ਖਰਾਬ ਕੀਤਾ। ਸਿੱਖ ਭਾਈਚਾਰੇ ਦਾ ਘਾਣ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਉਹਨਾਂ ਨੂੰ ਜੇਲ੍ਹ ਗਏ ਇੰਨਾ ਸਮਾਂ ਹੋ ਚੁੱਕਾ ਹੈ ਤਾਂ ਉਹਨਾਂ ਪਰਿਵਾਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਜੋ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਲ ਸਨ, ਹਮਲੇ ਮਾਰੇ ਗਏ ਅਤੇ ਕਈ ਅਜਿਹੇ ਜ਼ਖਮੀ ਹੋ ਗਏ ਜਿਨ੍ਹਾਂ ਦੇ ਘਰ ਦੇ ਹਾਲਾਤ ਹਾਲੇ ਵੀ ਕੁਝ ਖ਼ਾਸ ਚੰਗੇ ਨਹੀਂ ਹਨ।
ਇਹ ਵੀ ਪੜ੍ਹੋ : Manipur violence: ਜਾਅਲੀ ਵੀਡੀਓ ਜਾਰੀ ਹੋਣ ਤੋਂ ਬਾਅਦ ਫ਼ੌਜ ਦਾ ਅਲਰਟ, ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ
"ਗੁਰੂ ਘਰ ਦੀਆਂ ਗੋਲਕਾਂ ਉਤੇ ਐਸਜੀਪੀਸੀ ਜਾਂ ਬਾਦਲਾਂ ਦਾ ਕੋਈ ਅਧਿਕਾਰ ਨਹੀਂ" : ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਉਹ ਅਜਿਹੇ ਕੈਦੀਆਂ ਦੀ ਰਿਹਾਈ ਲਈ ਸੁਪਰੀਮ ਕੋਰਟ ਵਿੱਚ ਮਹਿੰਗੇ ਵਕੀਲ ਕਰ ਕੇ ਪੈਰਵੀ ਹੀ ਕਰਨਾ ਚਾਹੁੰਦੇ ਹਨ ਤਾਂ ਆਪਣੇ ਘਰ ਦੇ ਪੈਸਿਆਂ ਤੋਂ ਕਰਨ। ਇਥੋਂ ਤਕ ਕਿ ਇਸ ਸਬੰਧੀ ਬਜਟ ਵਿੱਚ ਰੱਖਿਆ ਗਿਆ। ਉਹ ਸੰਗਤ ਦਾ ਪੈਸਾ ਹੈ ਗੁਰੂ-ਘਰਾਂ ਦੀਆਂ ਗੋਲਕਾਂ ਦਾ ਪੈਸਾ ਹੈ ਉਸ ਉਤੇ ਨਾ ਹੀ ਐਸਜੀਪੀਸੀ ਦਾ ਕੋਈ ਅਧਿਕਾਰ ਹੈ ਅਤੇ ਨਾ ਹੀ ਬਾਦਲਾਂ ਦਾ। ਇਸ ਸਬੰਧੀ ਸੰਗਤ ਦਾ ਫੈਸਲਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ, ਦਿੱਲੀ ਦੇ ਲੋਕ ਇਹ ਜਾਣਦੇ ਹਨ ਕਿ ਉਸ ਸਮੇਂ ਦੌਰਾਨ ਉਨ੍ਹਾਂ ਦਾ ਕਿੰਨਾ ਨੁਕਸਾਨ ਹੋਇਆ ਹੈ।