ਖੰਨਾ: ਕਹਿੰਦੇ ਨੇ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ... ਇਹ ਕਹਾਵਤ ਖੰਨਾ ਵਿਖੇ ਉਸ ਸਮੇਂ ਇੱਕ ਵਾਰ ਮੁੜ ਸੱਚ ਸਾਬਤ ਹੋਈ, ਜਦੋਂ ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਉਪਰ ਤੇਜ਼ ਰਫ਼ਤਾਰ ਕਾਰ ਚੱਲਦੀ ਹੋਈ ਕਈ ਪਲਟੀਆਂ ਖਾ ਗਈ। ਇਸ ਵਿੱਚ ਸਵਾਰ 2 ਨੌਜਵਾਨਾਂ ਦੀ ਜਾਨ ਹੀ ਨਹੀਂ ਬਚੀ ਬਲਕਿ ਗੰਭੀਰ ਸੱਟਾਂ ਤੋਂ ਵੀ ਬਚਾਅ ਰਿਹਾ। ਰੱਬ ਦੀ ਮਿਹਰ ਰਹੀ ਕਿ ਇਹਨਾਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਅਤੇ ਇਹਨਾਂ ਨੂੰ ਲੋਕਾਂ ਨੇ ਬਾਹਰ ਕੱਢਿਆ। ਜਿਸ ਤਰੀਕੇ ਨਾਲ ਇਹ ਹਾਦਸਾ ਹੋਇਆ ਉਸਨੂੰ ਦੇਖ ਕੇ ਹਰ ਕੋਈ ਰਾਹਗੀਰ ਇਹੀ ਪੁੱਛ ਰਿਹਾ ਸੀ ਕਿ ਕਾਰ ਸਵਾਰ ਬਚ ਗਏ।
ਦਿੱਲੀ ਅੰਮ੍ਰਿਤਸਰ ਕੌਮੀ ਮਾਰਗ 'ਤੇ ਸੜਕ ਹਾਦਸਾ:- ਜਾਣਕਾਰੀ ਅਨੁਸਾਰ ਕਿਆ ਗੱਡੀ 'ਚ ਸਵਾਰ 2 ਨੌਜਵਾਨ ਦਿੱਲੀ ਤੋਂ ਫਗਵਾੜਾ ਜਾ ਰਹੇ ਸੀ ਤਾਂ ਇਸੇ ਦੌਰਾਨ ਜਦੋਂ ਇਹ ਨੌਜਵਾਨ ਖੰਨਾ ਦੇ ਪਿੰਡ ਭੱਟੀਆਂ ਨੇੜੇ ਪੁੱਜੇ ਤਾਂ ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਉਪਰ ਚੱਲਦੀ ਗੱਡੀ ਦਾ ਅਚਾਨਕ ਅਗਲਾ ਟਾਇਰ ਫੱਟ ਗਿਆ। ਜਿਸ ਉਪਰੰਤ ਇਹ ਕਾਰ ਅੱਗੇ ਜਾ ਰਹੇ ਟਿੱਪਰ ਦੇ ਨਾਲ ਟਕਰਾ ਗਈ। ਟੱਕਰ ਮਗਰੋਂ ਉਹਨਾਂ ਦੀ ਕਾਰ ਨੇ ਕਈ ਪਲਟੀਆਂ ਖਾਧੀਆਂ ਅਤੇ ਕਾਰ ਪਲਟੀ ਹੋਈ ਹਾਲਤ 'ਚ ਹੀ ਰਹੀ। ਉਹਨਾਂ ਨੂੰ ਲੋਕਾਂ ਨੇ ਸ਼ੀਸ਼ਿਆਂ ਰਾਹੀਂ ਬਾਹਰ ਕੱਢਿਆ।
ਕਾਰ ਚਾਲਕ ਦੇ ਦੱਸੀ ਹੱਡਬੀਤੀ:- ਇਸ ਮੌਕੇ ਕਾਰ ਚਲਾ ਰਹੇ ਜਗਦੀਪ ਸਿੰਘ ਨੇ ਦੱਸਿਆ ਕਿ ਅਚਾਨਕ ਹੀ ਕਾਰ ਦਾ ਟਾਇਰ ਫੱਟ ਗਿਆ, ਜਿਸ ਕਰਕੇ ਹਾਦਸਾ ਹੋਇਆ, ਪ੍ਰੰਤੂ ਹਾਦਸੇ ਦੌਰਾਨ ਉਹਨਾਂ ਦਾ ਬਚਾਅ ਰਿਹਾ। ਰਾਹਗੀਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਾਰ ਦੇ ਨਾਲ ਟਿੱਪਰ ਜਾ ਰਿਹਾ ਸੀ ਤਾਂ ਟਾਇਰ ਫੱਟਣ ਮਗਰੋਂ ਕਾਰ ਪਹਿਲਾਂ ਫੁੱਟਪਾਥ ਨਾਲ ਟਕਰਾਈ ਅਤੇ ਫਿਰ ਟਿੱਪਰ ਨਾਲ ਟਕਰਾ ਗਈ ਅਤੇ ਪਲਟ ਗਈ। ਕਾਰ ਦੀਆਂ ਪਲਟੀਆਂ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਲੋਕਾਂ ਦਾ ਇਕੱਠ ਹੋ ਗਿਆ, ਭੱਜ ਕੇ ਆ ਕੇ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ। ਕਾਰ ਦੀ ਰਫ਼ਤਾਰ 80 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ।
ਕੌਮੀ ਮਾਰਗ ਜਾਮ: ਹਾਦਸੇ ਮਗਰੋਂ ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਉਪਰ ਆਵਾਜਾਈ ਰੁੱਕ ਗਈ। ਇਸਦੀ ਸੂਚਨਾ ਮਿਲਣ ਮਗਰੋਂ ਟ੍ਰੈਫਿਕ ਪੁਲਿਸ ਇੰਚਾਰਜ ਪਰਮਜੀਤ ਸਿੰਘ ਬੈਨੀਪਾਲ ਮੌਕੇ 'ਤੇ ਪੁੱਜੇ। ਉਹਨਾਂ ਦੇਖਿਆ ਕਿ ਕਾਰ ਪਲਟੀ ਹੋਈ ਸੀ, ਇਸ ਵਿੱਚ ਸਵਾਰ ਨੌਜਵਾਨਾਂ ਨੂੰ ਲੋਕਾਂ ਨੇ ਬਾਹਰ ਕੱਢ ਲਿਆ ਸੀ, ਜੋ ਕਿ ਬਿਲਕੁਲ ਠੀਕਠਾਕ ਹਨ। ਆਵਾਜਾਈ ਰੁੱਕੀ ਹੋਈ ਸੀ, ਤੁਰੰਤ ਰਿਕਵਰੀ ਵੈਨ ਮੰਗਵਾ ਕੇ ਹਾਦਸਾਗ੍ਰਸਤ ਕਾਰ ਨੂੰ ਇੱਕ ਪਾਸੇ ਕੀਤਾ ਗਿਆ ਅਤੇ ਆਵਾਜਾਈ ਚਾਲੂ ਕਰਾਈ ਗਈ।