ਲੁਧਿਆਣਾ: ਕਰਫਿਊ ਹੋਣ ਕਾਰਨ ਸਾਰੇ ਕੰਮ ਠੱਪ ਹੋ ਰਹੇ ਹਨ ਜਿਸ ਦੇ ਚੱਲਦੇ ਲੱਖਾਂ ਮਜ਼ਦੂਰ ਤੇ ਦਿਹਾੜੀਦਾਰ ਬੇਰੁਜ਼ਗਾਰ ਹੋ ਗਏ ਹਨ। ਨੌਬਤ ਇਹ ਆ ਗਈ ਹੈ ਕਿ ਉਨ੍ਹਾਂ ਕੋਲ ਕੁੱਝ ਖਾਣ ਨੂੰ ਵੀ ਨਹੀਂ। ਮਜਬੂਰਨ ਗਰੀਬ ਪਰਿਵਾਰ, ਜੋ ਘਰਾਂ ਤੋਂ ਬਾਹਰ ਦੂਰ ਰਹਿ ਕੇ ਦਿਹਾੜੀ ਕਰਦੇ ਸਨ। ਉਹ ਹੁਣ ਆਪਣੇ ਘਰਾਂ ਨੂੰ ਪਰਤਣ ਲੱਗੇ ਹਨ। ਲੁਧਿਆਣਾ 'ਚ ਵੱਡੀ ਗਿਣਤੀ ਚ ਮਜ਼ਦੂਰ ਕੰਮ ਕਰਦੇ ਹਨ ਪਰ ਹੁਣ ਉਦਯੋਗ, ਫੈਕਟਰੀਆਂ ਤੇ ਹੋਰ ਕੰਮਕਾਜ ਬੰਦ ਹੋਣ ਕਾਰਨ ਉਨ੍ਹਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਜਿਸ ਕਾਰਨ ਪਰਾਏ ਸ਼ਹਿਰ 'ਚ ਦਿਨ ਕੱਢਣੇ ਔਖੇ ਹੋ ਰਹੇ ਹਨ। ਇਸ ਕਰਕੇ ਇਹ ਮਜ਼ਦੂਰ ਵਾਪਸ ਆਪਣੇ ਘਰਾਂ ਵੱਲ ਪਰਤ ਰਹੇ ਹਨ। ਲੁਧਿਆਣਾ ਤੋਂ ਵੱਡੀ ਗਿਣਤੀ 'ਚ ਮਜ਼ਦੂਰ ਯੂਪੀ ਤੇ ਬਿਹਾਰ ਵੱਲ ਨੂੰ ਰਵਾਨਾ ਹੋਏ।
ਮੁਸੀਬਤ ਇਹ ਵੀ ਹੈ ਕਿ ਆਵਾਜਾਈ ਵੀ ਠੱਪ ਹੈ ਜਿਸ ਕਾਰਨ ਮਜ਼ਦੂਰ ਲੰਮੇ ਰਸਤੇ ਪੈਦਲ ਹੀ ਤੁਰ ਪਏ ਹਨ। ਜਦੋਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਬੇਹੱਦ ਗਰੀਬ ਹਨ ਅਤੇ ਫੈਕਟਰੀ ਆਦਿ 'ਚ ਕੰਮ ਕਰਕੇ ਆਪਣਾ ਗੁਜਾਰਾ ਕਰਦੇ ਹਨ ਪਰ ਹੁਣ ਉਨ੍ਹਾਂ ਕੋਲ ਹੋਰ ਕੋਈ ਸਾਧਨ ਨਹੀਂ ਹੈ ਕਮਾਈ ਦਾ। ਘਰ ਦਾ ਖਰਚਾ ਚਲਾਉਣਾ ਵੀ ਔਖਾ ਹੋ ਗਿਆ ਹੈ। ਇਥੋਂ ਤੱਕ ਕਿ ਗੱਲ ਕਰਦੇ ਹੋਏ ਕਈ ਮਜ਼ਦੂਰਾਂ ਦੀਆਂ ਅੱਖਾਂ 'ਚ ਹੁੰਝੂ ਆ ਗਏ।