ਲੁਧਿਆਣਾ: ਪੁਲਿਸ ਨੇ ਪਿਛਲੇ ਦਿਨੀਂ ਦੁੱਗਰੀ ਇਲਾਕੇ 'ਚ ਹੋਈ ਪੈਟਰੋਲ ਪੰਪ (Petrol Pump) ਲੁੱਟ (Robbery) ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ 6 ਮੁਲਜ਼ਮਾਂ ਨੂੰ ਕਾਬੂ (Arrested) ਕੀਤਾ ਹੈ। ਮੁਲਜ਼ਮਾਂ ਕੋਲੋਂ ਪੁਲਿਸ ਨੇ ਦੋ ਦੇਸੀ ਕੱਟੇ, ਸੱਤ ਜਿੰਦਾ ਕਾਰਤੂਸ, ਚਾਰ ਦਾਤਰ, ਇੱਕ ਐਕਟਿਵਾ ਅਤੇ ਇੱਕ ਮੋਟਰਸਾਈਕਲ ਪਲਸਰ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਦੀਪ ਸਿੰਘ ਉਰਫ ਸੰਨੀ, ਕੁਲਵਿੰਦਰ ਕੁਮਾਰ ਉਰਫ ਬਿੱਲਾ, ਹਰਦੀਪ ਸਿੰਘ ਉਰਫ ਗੋਲਾ, ਵਿਜੇ ਕੁਮਾਰ, ਸਤਨਾਮ ਸਿੰਘ ਉਰਫ ਸੋਨੂੰ, ਹਿਮਾਂਸੂ ਹੀਰ ਉਰਫ਼ ਹਨੀ ਦੇ ਰੂਪ ਵਿਚ ਹੋਈ ਹੈ।
81 ਹਜ਼ਾਰ ਦੀ ਨਕਦੀ ਲੈ ਕੇ ਹੋਏ ਫਰਾਰ
ਪੁਲਿਸ ਅਧਿਕਾਰੀ ਸਚਿਨ ਗੁਪਤਾ ਨੇ ਦੱਸਿਆ ਕਿ ਪਿਛਲੇ ਦਿਨੀਂ ਲੁਧਿਆਣਾ ਦੇ ਦੁਗਰੀ ਇਲਾਕੇ 'ਚ 3 ਮੁਲਜ਼ਮਾਂ ਵੱਲੋਂ ਇਕ ਪੈਟਰੋਲ ਪੰਪ (Petrol Pump) 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉਥੋਂ 81 ਹਜ਼ਾਰ ਦੇ ਕਰੀਬ ਨਕਦੀ ਅਤੇ ਮੋਬਾਇਲ ਫੋਨ ਲੁੱਟ ਕੇ ਫ਼ਰਾਰ ਹੋ ਗਏ ਸਨ। ਜਿਸ ਤੋਂ ਬਾਅਦ ਪੁਲਿਸ ਇਨ੍ਹਾਂ ਦੀ ਲਗਾਤਾਰ ਭਾਲ ਕਰ ਰਹੀ ਸੀ।
ਵੱਡੀ ਵਾਰਦਾਤ ਦੀ ਪਲਾਨਿੰਗ
ਉਨ੍ਹਾਂ ਦੱਸਿਆ ਕਿ ਜਦੋਂ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਓਦੋਂ ਇਹ ਕਿਸੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਪਲਾਨਿੰਗ ਕਰ ਰਹੇ ਸਨ ਪਰ ਉਸ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਅਧਿਕਾਰੀ ਦੇ ਮੁਤਾਬਕ ਮੁਲਜ਼ਮ ਪਿਛਲੇ ਲੰਬੇ ਸਮੇਂ ਤੋਂ ਲੁੱਟ ਖੋਹ ਦੇ ਵਾਰਦਾਤਾਂ ਕਰ ਰਹੇ ਸਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਨਸ਼ੇ ਦੇ ਆਦੀ ਹਨ ਅਤੇ ਨਸ਼ਾ ਦੀ ਪੂਰਤੀ ਲਈ ਇਹ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਹਨਾਂ ਮੁਲਜ਼ਮਾਂ ਉਤੇ ਪਹਿਲਾਂ ਵੀ ਕਈ ਕੇਸ ਦਰਜ ਹਨ।