ਲੁਧਿਆਣਾ: ਗਿਆਸਪੁਰਾ ਗੈਸ ਕਾਂਡ ਨੂੰ ਲੈ ਕੇ ਇਲਾਕੇ ਵਿੱਚ ਦੇਰ ਰਾਤ ਤੱਕ ਵੀ ਜਾਂਚ ਚੱਲਦੀ ਰਹੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਾਈਡ੍ਰੋਜਨ ਸਲਫਾਈਡ ਗੈਸ ਵਧਣ ਕਰਕੇ 11 ਲੋਕਾਂ ਦੀ ਮੌਤ ਹੋਈ ਹੈ। ਗੈਸ ਦਾ ਅਸਰ ਘੱਟ ਕਰਨ ਲਈ ਕਾਸਟਿਕ ਸੋਡੇ ਦੀ ਵਰਤੋਂ ਕੀਤੀ ਜਾ ਰਹੀ ਹੈ ਅਚੇ ਹਰ ਘੰਟੇ ਸੀਵਰੇਜ ਵਿੱਚ ਗੈਸ ਦੀ ਮਾਤਰਾ ਮਾਪੀ ਜਾ ਰਹੀ ਹੈ। ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਸਨ।
ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਤੱਕ ਉਹ ਲਗਾਤਾਰ ਇਸ ਗੱਲ 'ਤੇ ਨਜ਼ਰ ਰੱਖ ਰਹੇ ਹਨ ਕਿ ਕੀ ਇਹ ਗੈਸ ਲੀਕ ਸੀਵਰੇਜ 'ਚੋਂ ਹੋਈ ਹੈ ਜਾਂ ਨਹੀਂ ਜਾਂ ਫਿਰ ਇਹ ਕਿਸੇ ਫੈਕਟਰੀ ਮਾਲਕ ਦੀ ਅਣਗਹਿਲੀ ਕਾਰਨ ਹੈ। ਇਸ ਲਈ ਉਹ ਅਗਲੇ 24 ਘੰਟਿਆਂ ਤੱਕ ਸੀਵਰੇਜ ਵਿੱਚੋਂ ਨਿਕਲਣ ਵਾਲੀ ਗੈਸ ਦੀ ਲਗਾਤਾਰ ਜਾਂਚ ਕਰ ਰਹੇ ਹਨ। ਗੈਸ ਇਹ ਕਦੋਂ ਘੱਟ ਰਹੀ ਹੈ ਅਤੇ ਕਦੋਂ ਵਧ ਰਹੀ ਹੈ, ਇਸ ਦਾ ਮੁਆਇਨਾ ਕੀਤਾ ਜਾ ਰਿਹਾ ਹੈ, ਤਾਂ ਕਿ ਅਜਿਹੀ ਘਟਨਾ ਮੁੜ ਨਾ ਹੋ ਸਕੇ।
ਗੈਸ ਦੀ ਜ਼ਿਆਦਾ ਮਾਤਰਾ ਬਣਨਾ, ਜਾਂਚ ਦਾ ਵਿਸ਼ਾ: ਐਨਡੀਆਰਐੱਫ ਦੀਆਂ 2 ਟੀਮਾਂ ਲਗਾਤਾਰ ਇਸ ਕੰਮ ਵਿੱਚ ਜੁਟੀਆਂ ਹੋਈਆਂ ਹਨ। ਇਕ ਟੀਮ ਨੂੰ ਵਿਸ਼ੇਸ਼ ਤੌਰ ਉੱਤੇ ਬਠਿੰਡਾ ਤੋਂ ਬੁਲਾਇਆ ਗਿਆ ਹੈ। ਐਨਡੀਆਰਐਫ ਦੇ ਸੀਨੀਅਰ ਅਧਿਕਾਰੀ ਮੁਤਾਬਿਕ ਅਜਿਹਾ ਅਕਸਰ ਨਹੀਂ ਹੁੰਦਾ। ਸੀਵਰੇਜ ਵਿੱਚ ਗੈਸ ਹੁੰਦੀ ਹੈ, ਪਰ ਇਨ੍ਹੀਂ ਜਿਆਦਾ ਮਾਤਰਾ ਵਿੱਚ ਗੈਸ ਕਿਵੇਂ ਬਣ ਗਈ, ਇਹ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਜਿਸ ਘਰ ਦੇ ਸਾਰੇ ਜੀਆਂ ਦੀ ਮੌਤ ਹੋਈ ਹੈ ਉਸ ਘਰ ਵਿੱਚ ਕੋਈ ਖਿੜਕੀ ਵੇਂਟੀਲੇਸ਼ਨ ਲਈ ਨਹੀਂ ਹੈ। ਘਰ ਵਿੱਚ ਜ਼ਿਆਦਾ ਗੈਸ ਇਕੱਠੀ ਹੋ ਗਈ, ਪਰ ਇਸ ਦੀ ਜਾਂਚ ਬੇਹੱਦ ਜ਼ਰੂਰੀ ਹੈ।
ਹਾਈਡ੍ਰੋਜਨ ਸਲਫਾਈਡ ਨਾਲ ਮੌਤਾਂ: ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਹਾਈਡ੍ਰੋਜਨ ਸਲਫਾਈਡ ਗੈਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਪ੍ਰਸ਼ਾਸਨ ਵਲੋਂ ਹਾਈਡ੍ਰੋਜਨ ਸਲਫਾਈਡ ਗੈਸ ਦੀ ਮਾਤਰਾ ਨੂੰ ਘੱਟ ਕਰਨ ਲਈ ਕਾਸਟਿਕ ਸੋਡਾ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਲੁਧਿਆਣਾ ਪ੍ਰਸ਼ਾਸਨ ਵੱਲ ਲਗਾਤਾਰ ਇਸ ਗੱਲ ਦਾ ਐਲਾਨ ਕੀਤਾ ਜਾ ਰਿਹਾ ਹੈ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ। ਇਹ ਗੈਸ ਕਿੱਥੋਂ ਆਉਣੀ ਸ਼ੁਰੂ ਹੋਈ, ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਨੇ ਪ੍ਰਸ਼ਾਸ਼ਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗੈਸਾਂ ਦਾ ਇਹ ਮਿਸ਼ਰਨ ਇਨਸਾਨੀ ਜ਼ਿੰਦਗੀ ਉੱਤੇ ਖਤਰਨਾਕ ਸਾਬਿਤ ਹੋਇਆ ਹੈ।
ਦਿਮਾਗ 'ਤੇ ਗੈਸ ਦਾ ਅਸਰ: ਸਥਾਨਕ ਲੋਕਾਂ ਨੇ ਦੱਸਿਆ ਕੇ ਹਾਈਡ੍ਰੋਜਨ ਸਲਫਾਈਡ ਗੈਸ ਦਿਮਾਗ ਨੂੰ ਸੁਨੰ ਕਰ ਰਹੀ ਸੀ। ਇਸ ਦਾ ਅਸਰ ਸਿੱਧਾ ਦਿਮਾਗ ਉੱਤੇ ਹੋ ਰਿਹਾ ਹੈ। ਗੈਸ ਲੀਕ ਸੀਵਰੇਜ ਚੋ ਹੋਈ ਹੈ। ਇਲਾਕੇ ਵਿੱਚ ਨੇੜੇ ਤੇੜੇ ਵੱਡੀ ਗਿਣਤੀ ਵਿੱਚ ਫੈਕਟਰੀਆਂ ਵੀ ਹਨ। ਹਾਈਡ੍ਰੋਜਨ ਸਲਫਾਈਡ ਅਕਸਰ ਸੀਵਰੇਜ ਵਿੱਚ ਪਾਈ ਜਾਂਦੀ ਹੈ, ਪਰ ਇਹ ਇਨ੍ਹੀਂ ਮਾਤਰਾ ਵਿੱਚ ਨਹੀਂ ਹੁੰਦੀ ਕਿ ਇਨਸਾਨੀ ਦੀ ਜਾਨ ਤੱਕ ਉੱਤੇ ਬਣ ਜਾਵੇ। ਇਸ ਦੀ ਹੀ ਜਾਂਚ ਐਨਡੀਆਰਐੱਫ ਦੀਆਂ ਟੀਮਾਂ ਕਰ ਰਹੀਆਂ ਹਨ।