ਲੁਧਿਆਣਾ: ਜਿਥੇ ਇੱਕ ਪਾਸੇ ਬੁੱਢੇ ਨਾਲੇ ਨੂੰ ਡਾਇੰਗ ਇੰਡਸਟਰੀ ਨੇ ਬੁਰੀ ਤਰ੍ਹਾਂ ਪ੍ਰਦੂਸ਼ਿਤ ਕੀਤਾ ਹੋਇਆ ਹੈ ਅਤੇ ਉਥੇ ਹੀ ਡਾਇੰਗ ਇੰਡਸਟਰੀ ਤੋਂ ਨਿਕਲਣ ਵਾਲਾ ਧੂੰਆਂ ਲੁਧਿਆਣਾ ਕੇਂਦਰੀ ਜੇਲ੍ਹ ਦੇ ਮੁਲਾਜ਼ਮਾਂ ਅਤੇ ਹਵਾਲਾਤੀਆਂ ਲਈ ਵੀ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਕੈਦੀਆਂ ਸਮੇਤ ਜੇਲ੍ਹ ਮੁਲਾਜ਼ਮ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਜਿਸ ਵਿੱਚ ਸਾਂਹ ਦੀ ਸਮੱਸਿਆ, ਫੇਫੜਿਆਂ ਦੀਆਂ ਸਮੱਸਿਆਵਾਂ ਅਤੇ ਗਲੇ ਦੀ ਸਮੱਸਿਆ ਆਮ ਹਨ।
ਲੁਧਿਆਣਾ ਕੇਂਦਰੀ ਜੇਲ੍ਹ ਦੇ ਬਿਲਕੁਲ ਸਾਹਮਣੇ ਸੈਂਕੜਿਆਂ ਦੀ ਤਾਦਾਦ ਵਿੱਚ ਡਾਇੰਗ ਇੰਡਸਟਰੀ ਹੈ ਅਤੇ ਇਸ ਦੇ ਬੁਆਇਲਰਾਂ ਤੋਂ ਨਿਕਲਣ ਵਾਲਾ ਧੂੰਆਂ ਰਾਖ ਬਣ ਕੇ ਕੇਂਦਰੀ ਜੇਲ੍ਹ ਵਿੱਚ ਡਿੱਗਦਾ ਹੈ ਜਿਸ ਕਰ ਕੇ ਜੇਲ੍ਹ ਮੁਲਾਜ਼ਮ ਅਤੇ ਕੈਦੀ ਪ੍ਰੇਸ਼ਾਨ ਹਨ ਅਤੇ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਇਸ ਦਾ ਹਾਲੇ ਤੱਕ ਨਹੀਂ ਹੋ ਪਾਇਆ।
ਕੀ ਕਹਿਣਾ ਹੈ ਜੇਲ਼੍ਹ ਸੁਪਰੀਡੈਂਟ ਦਾ
ਲੁਧਿਆਣਾ ਕੇਂਦਰੀ ਜੇਲ੍ਹ ਸੁਪਰੀਡੈਂਟ ਰਾਜੀਵ ਅਰੋੜਾ ਨੇ ਦੱਸਿਆ ਕਿ ਡਾਇੰਗ ਇੰਡਸਟਰੀ ਦੀ ਸਮੱਸਿਆ ਬਹੁਤ ਪੁਰਾਣੀ ਹੈ ਪਰ ਹਾਲੇ ਤੱਕ ਇਸ ਦਾ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਦੱਸਿਆ ਕਿ ਕਈ ਵਾਰ ਇਸ ਸਬੰਧੀ ਉਹ ਸ਼ਿਕਾਇਤਾਂ ਵੀ ਕਰ ਚੁੱਕੇ ਹਨ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਵੀ ਕਰਵਾ ਚੁੱਕੇ ਨਹੀਂ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਜਲਦ ਇਸ ਦਾ ਹੱਲ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਸਮੱਸਿਆ ਕਰਕੇ ਜੇਲ੍ਹ ਵਿੱਚ ਕੈਦੀ ਅਤੇ ਮੁਲਾਜ਼ਮ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੈਦੀਆਂ ਅਤੇ ਮੁਲਾਜ਼ਮਾਂ ਲਈ ਕੁੱਝ ਸਮੱਸਿਆ ਜ਼ਰੂਰ ਪੈਦਾ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਬਾਰੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਦੱਸਿਆ ਜਾ ਚੁੱਕਾ ਹੈ। ਰਾਜੀਵ ਅਰੋੜਾ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਇਸ ਸਮੱਸਿਆ ਦਾ ਹੱਲ ਜਲਦੀ ਹੋਵੇ ਕਿਉਂਕਿ ਇਹ ਸਮੱਸਿਆ ਦਿਨੋਂ-ਦਿਨ ਵਧਦੀ ਜਾ ਰਹੀ ਹੈ।
ਡਾਕਟਰਾਂ ਦਾ ਕਹਿਣੈ ਇਸ ਦੇ ਨਤੀਜੇ ਗੰਭੀਰ ਹੋ ਸਕਦੇ ਨੇ
ਦੂਜੇ ਪਾਸੇ ਲੁਧਿਆਣਾ ਦੇ ਸੀਨੀਅਰ ਡਾ. ਇਕਬਾਲ ਸਿੰਘ ਨੇ ਦੱਸਿਆ ਕਿ ਇਹ ਬਹੁਤ ਗੰਭੀਰ ਸਮੱਸਿਆ ਹੈ ਅਤੇ ਇਲਾਕੇ ਦੇ ਲੋਕ ਕਾਫ਼ੀ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਫੇਫੜਿਆਂ ਦੀਆਂ ਸਮੱਸਿਆ ਸਭ ਤੋਂ ਵੱਧ ਪੈਦਾ ਹੁੰਦੀਆਂ ਹਨ। ਪ੍ਰਦੂਸ਼ਣ ਕਰਕੇ ਅਤੇ ਖ਼ਾਸ ਕਰ ਕੇ ਜੋ ਰਾਖ ਧੂੰਏਂ ਤੋਂ ਬਣਦੀ ਹੈ ਉਸ ਦਾ ਮਨੁੱਖੀ ਸਰੀਰ 'ਤੇ ਕਾਫ਼ੀ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਫੇਫੜਿਆਂ 'ਚ ਜੰਮ ਜਾਵੇ ਤਾਂ ਨਤੀਜੇ ਹੋਰ ਵੀ ਗੰਭੀਰ ਹੋ ਸਕਦੇ ਹਨ।