ਲੁਧਿਆਣਾ: ਜ਼ਿਲ੍ਹੇ ਦੇ ਸਕੂਲਾਂ ’ਚ ਕੋਰੋਨਾ ਦਾ ਖਤਰਾ ਮੰਡਰਾਉਣਾ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ ਬਸਤੀ ਜੈਧੋਵਾਲ ਤੋਂ ਬਾਅਦ ਹੁਣ ਸਰਕਾਰੀ ਪ੍ਰਾਈਮਰੀ ਕੈਲਾਸ਼ ਨਗਰ ਹਾਈ ਸਕੂਲ ਦੇ ਹੀ 12 ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਮਿਲੀ ਜਾਣਕਾਰੀ ਮੁਤਾਬਿਕ ਸਕੂਲ ’ਚ ਰੈਪਿਡ ਟੈਸਟ ਕਿੱਟ ਦੇ ਜਰੀਏ 31 ਵਿਦਿਆਰਥੀਆਂ ਦੇ ਸੈਂਪਲ ਲਏ ਗਏ ਸੀ। ਜਿਨ੍ਹਾਂ ਚੋਂ 12 ਵਿਦਿਆਰਥੀ ਪਾਜ਼ੀਟਿਵ ਪਾਏ ਗਏ ਹਨ। ਕੋਰੋਨਾ ਪਾਜ਼ੀਟਿਵ ਪਾਏ ਗਏ ਸਾਰੇ ਵਿਦਿਆਰਥੀ 9ਵੀਂ ਅਤੇ 10ਵੀਂ ਜਮਾਤ ਦੇ ਹਨ।
ਕਾਬਿਲੇਗੌਰ ਹੈ ਕਿ ਬਸਤੀ ਜੋਧੇਵਾਲ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਗਿਆਰ੍ਹਵੀਂ ਜਮਾਤ ਦੇ 8 ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਜਿਨ੍ਹਾਂ ਦਾ ਰੈਪਿਡ ਟੈਸਟ ਕਿੱਟ ਰਾਹੀਂ ਸੈਂਪਲ ਲਿਆ ਗਿਆ ਸੀ। ਫਿਲਹਾਲ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲੁਧਿਆਣਾ ਸਿਵਲ ਸਰਜਨ ਵੱਲੋਂ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਕੂਲ ਦੇ ਹੋਰਨਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਟੈਸਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।