ਲੁਧਿਆਣਾ: ਹੌਸਲਾ ਅਤੇ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਵਿਅਕਤੀ ਹਰ ਮੈਦਾਨ ਫਤਿਹ ਕਰ ਸਕਦਾ ਹੈ। ਕਿਸੇ ਵੀ ਚੀਜ਼ ਨੂੰ ਕਰ ਗੁਜ਼ਰਨ ਲਈ ਜਜ਼ਬੇ ਅਤੇ ਜਨੂੰਨ ਦਾ ਹੋਣਾ ਬੇਹਦ ਲਾਜ਼ਮੀ ਹੁੰਦਾ ਹੈ। ਇਸੇ ਜਨੂੰਨ ਅਤੇ ਜਜ਼ਬੇ ਦੀ ਮਿਸਾਲ ਬਣਿਆ ਪਿੰਡ ਮਾਛੀਵਾੜਾ ਦਾ 22 ਸਾਲਾ ਨੌਜਵਾਨ ਅਜੈ ਕੁਮਾਰ। ਅਜੈ ਬਚਪਨ ਤੋਂ ਹੀ ਅਪਾਹਜ ਹੈ ਅਤੇ ਬੋਲ ਨਹੀਂ ਸਕਦਾ। ਉਸ ਦੇ ਦੋਵੇਂ ਹੱਥ ਵੀ ਕੰਮ ਨਹੀਂ ਕਰਦੇ, ਪਰ ਇਸ ਦੇ ਬਾਵਜੂਦ ਵੀ ਅਜੈ ਫੁੱਟਬਾਲ ਖੇਡਣ ਦਾ ਜਨੂੰਨ ਰੱਖਦਾ ਹੈ।
ਇੰਦਰਾ ਕਲੋਨੀ ਦੇ ਗ਼ਰੀਬ ਪਰਿਵਾਰ 'ਚ ਪੈਦਾ ਹੋਏ ਅਜੈ ਕੁਮਾਰ ਦੇ ਪਿਤਾ ਮਾਛੀਵਾੜਾ ਫੁੱਟਬਾਲ ਟੀਮ ਦੇ ਕਪਤਾਨ ਰਹਿ ਚੁੱਕੇ ਹਨ ਅਤੇ ਆਪਣੇ ਪਿਤਾ ਨੂੰ ਵੇਖਦਿਆਂ ਹੀ ਉਸ ਅੰਦਰ ਵੀ ਫੁੱਟਬਾਲ ਖੇਡਣ ਦਾ ਜਨੂੰਨ ਪੈਦਾ ਹੋਇਆ। ਕਰੀਬ 14 ਸਾਲ ਦੀ ਉਮਰ 'ਚ ਉਹ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਜਾ ਕੇ ਦੌੜ ਲਾਉਣ ਲੱਗਾ ਅਤੇ ਫੁੱਟਬਾਲ ਖੇਡਣ ਲੱਗਾ। ਚਰਨ ਕੰਵਲ ਸਪੋਰਟਸ ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਜੱਜ ਨੇ ਦੱਸਿਆ ਕਿ ਉਹ ਰੋਜ਼ਾਨਾ ਸਟੇਡੀਅਮ ਦੇ 10 ਤੋਂ 12 ਚੱਕਰ ਲਾਉਂਦਾ ਹੈ ਜਦਕਿ ਆਮ ਨੌਜਵਾਨ ਵੀ 5 ਤੋਂ 6 ਚੱਕਰ ਲਗਾ ਕੇ ਥੱਕ ਜਾਂਦੇ ਹਨ। ਸਰੀਰਕ ਅਪੰਗਤਾ ਨੂੰ ਅਜੈ ਨੇ ਆਪਣੇ ਜਨੂੰਨ ਵਿੱਚ ਰੁਕਾਵਟ ਨਾ ਬਣਨ ਦਿੱਤਾ। ਉਸ ਦਾ ਫੁੱਟਬਾਲ ਨਾਲ ਮੋਹ ਇੰਨਾ ਕੁ ਹੈ ਕਿ ਉਹ ਸਵੇਰ ਸ਼ਾਮ 2-2 ਘੰਟੇ ਫੁੱਟਬਾਲ ਖੇਡਦਾ ਹੈ ਅਤੇ ਉਸ 'ਚ ਇਹ ਜਨੂੰਨ ਹੈ ਕਿ ਉਹ ਫੁੱਟਬਾਲ ਦਾ ਚੋਟੀ ਦਾ ਖਿਡਾਰੀ ਬਣੇ।
ਅਜੈ ਦੇ ਪਿਤਾ ਚੰਚਲ ਕੁਮਾਰ ਨੀਟਾ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਅਜੈ ਕੁਮਾਰ ਅਪਾਹਜ ਹੋਣ ਦੇ ਬਾਵਜੂਦ ਵੀ ਵਧੀਆ ਖਿਡਾਰੀ ਬਣਨ ਦਾ ਸੁਪਨਾ ਵੇਖਦਾ ਹੈ, ਪਰ ਗ਼ਰੀਬੀ ਕਾਰਨ ਉਹ ਉਸ ਨੂੰ ਵਧੀਆ ਕੋਚਿੰਗ ਦੀ ਸੁਵਿਧਾ ਮੁਹੱਇਆ ਨਹੀਂ ਕਰਵਾ ਸਕਦੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਵੀ ਲਾਈ ਹੈ।
ਇੱਕ ਗ਼ਰੀਬ ਪਰਿਵਾਰ 'ਚ ਜਨਮਿਆ ਅਜੈ ਆਪਣੇ ਸੁਪਨੇ ਵੱਡੇ ਲੈ ਕੇ ਪੈਦਾ ਹੋਇਆ ਹੈ ਪਰ ਸੁਵਿਧਾਵਾਂ ਦੀ ਘਾਟ ਅਤੇ ਅੰਤਾਂ ਦੀ ਗ਼ਰੀਬੀ ਉਸ ਦੇ ਸੁਪਨੇ 'ਚ ਰੁਕਾਵਟ ਬਣ ਰਹੀ ਹੈ। ਇਸ ਲਈ ਸਰਕਾਰ ਨੂੰ ਲੋੜ ਹੈ ਕਿ ਉਹ ਅਜੈ ਦੀ ਮਦਦ ਲਈ ਅੱਗੇ ਆਵੇ ਅਤੇ ਉਸ ਲਈ ਚੰਗੀ ਕੋਚਿੰਗ ਦਾ ਪ੍ਰਬੰਧ ਕਰੇ ਤਾਂ ਜੋ ਅਜੈ ਇੱਕ ਚੰਗਾ ਖਿਡਾਰੀ ਬਣ ਦੂਜਿਆਂ ਲਈ ਮਿਸਾਲ ਬਣ ਸਕੇ।
ਅਜੋਕੇ ਸਮੇਂ ਦੀ ਨੌਜਵਾਨ ਪੀੜ੍ਹੀ ਜਿੱਥੇ ਨਸ਼ਿਆਂ 'ਚ ਗਰਕਦੀ ਜਾ ਰਹੀ ਹੈ ਉੱਥੇ ਹੀ ਆਪਣੇ ਹੌਸਲੇ ਅਤੇ ਜਜ਼ਬੇ ਦੀ ਉਡਾਨ ਭਰਦਾ ਅਜੈ ਮਿਹਨਤ ਨਾਲ ਦੂਜਿਆਂ ਲਈ ਮਿਸਾਲ ਬਣਦਾ ਜਾ ਰਿਹਾ ਹੈ।