ਲੁਧਿਆਣਾ/ਖੰਨਾ : ਖੰਨਾ ਦੇ ਮਾਛੀਵਾੜਾ ਸਾਹਿਬ 'ਚ SHO ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਕ ਪਾਸੇ ਪਿੰਡ ਦੇ ਲੋਕਾਂ ਨੇ ਜਾਲ ਵਿਛਾ ਕੇ ਨਸ਼ਾ ਲੈਣ ਆਏ ਦੋ ਨੌਜਵਾਨਾਂ ਨੂੰ ਫੜ ਲਿਆ, ਦੂਜੇ ਪਾਸੇ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਐਨਡੀਪੀਐਸ ਦਾ ਕੇਸ ਤੱਕ ਦਰਜ ਨਹੀਂ ਕੀਤਾ। ਸਗੋਂ ਸੀ.ਆਰ.ਪੀ.ਸੀ. ਦੀ ਧਾਰਾ 109 ਤਹਿਤ ਕਾਰਵਾਈ ਕਰਕੇ ਖਾਨਾਪੂਰਤੀ ਕੀਤੀ। ਇਸ ਕਾਰਵਾਈ ਨਾਲ ਉਹ ਨਸ਼ਾ ਤਸਕਰ ਵੀ ਬਚ ਜਾਣਗੇ, ਜਿਨ੍ਹਾਂ ਦੇ ਨਾਮ ਅਤੇ ਨੰਬਰ ਇਨ੍ਹਾਂ ਨੌਜਵਾਨਾਂ ਨੇ ਉਜਾਗਰ ਕੀਤੇ ਹਨ।
ਲੋਕਾਂ ਨੇ ਫੜ੍ਹੇ ਦੋ ਨੌਜਵਾਨ : ਜਾਣਕਾਰੀ ਮੁਤਾਬਿਕ ਮਾਛੀਵਾੜਾ ਸਾਹਿਬ ਦੇ ਪਿੰਡ ਧਨੂਰ 'ਚ ਲੋਕ ਨਸ਼ਿਆਂ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ। ਪਿੰਡ ਦੇ ਲੋਕਾਂ ਨੇ ਟ੍ਰੈਪ ਲਾਇਆ ਸੀ। ਦੂਸਰੇ ਇਲਾਕੇ ਤੋਂ ਦੋ ਨੌਜਵਾਨ ਪਿੰਡ ਧਨੂਰ ਵਿਖੇ ਚਿੱਟਾ ਲੈਣ ਆਏ। ਜਿਹਨਾਂ ਨੂੰ ਲੋਕਾਂ ਨੇ ਫੜ ਲਿਆ। ਇਹਨਾਂ ਨੇ ਲੋਕਾਂ ਦੇ ਕੈਮਰਿਆਂ ਸਾਹਮਣੇ ਕਬੂਲ ਕੀਤਾ ਕਿ ਉਹ ਨਸ਼ਾ ਲੈਣ ਆਏ ਸੀ। ਇਨ੍ਹਾਂ ਨੌਜਵਾਨਾਂ ਨੇ ਆਪਣੇ ਕੁੱਝ ਸਾਥੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਚਿੱਟਾ ਲੈਣ ਲਈ ਭੇਜਿਆ ਸੀ। ਨਸ਼ਾ ਤਸਕਰਾਂ ਨੇ ਮੋਬਾਈਲ ਨੰਬਰ ਵੀ ਦਿਖਾਏ। ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਬੁਲਾ ਕੇ ਨੌਜਵਾਨ ਉਨ੍ਹਾਂ ਦੇ ਹਵਾਲੇ ਕੀਤੇ। ਹੱਦ ਉਦੋਂ ਹੋ ਗਈ ਜਦੋਂ ਉਨ੍ਹਾਂ ਨੂੰ ਥਾਣੇ ਲਿਜਾ ਕੇ ਆਈਪੀਸੀ ਦੀ ਬਜਾਏ ਸੀਆਰਪੀਸੀ ਤਹਿਤ ਕਾਰਵਾਈ ਕਰ ਦਿੱਤੀ ਗਈ।
ਦੋ ਦਿਨ ਪਹਿਲਾਂ ਖੰਨਾ 'ਚ ਨੌਜਵਾਨਾਂ ਦੀ ਨਸ਼ੇ ਦੇ ਟੀਕੇ ਲਗਾਉਣ ਦੀ ਪੁਰਾਣੀ ਵੀਡੀਓ ਵਾਇਰਲ ਹੋਈ ਸੀ। ਇਸ ਤੋਂ ਬਾਅਦ ਪੁਲਿਸ ਨੇ ਉਕਤ ਨੌਜਵਾਨਾਂ ਨੂੰ ਫੜਿਆ ਤਾਂ ਉਨ੍ਹਾਂ ਕੋਲੋਂ ਸਰਿੰਜਾਂ ਬਰਾਮਦ ਹੋਈਆਂ। ਇਸ ਆਧਾਰ ’ਤੇ ਥਾਣਾ ਸਿਟੀ 2 ਦੀ ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਅਧੀਨ ਸਖਤ ਕਾਰਵਾਈ ਕੀਤੀ। ਪਰ, ਖੰਨਾ ਜਿਲ੍ਹੇ ਦੇ ਹੀ ਥਾਣਾ ਮਾਛੀਵਾੜਾ ਸਾਹਿਬ ਵਿਖੇ ਜਦੋਂ ਇਹੋ ਜਿਹਾ ਮਾਮਲਾ ਸਾਮਣੇ ਆਇਆ ਤਾਂ ਥਾਣਾ ਮੁਖੀ ਦਾ ਨਸ਼ਿਆਂ ਪ੍ਰਤੀ ਰੁਖ਼ ਨਰਮ ਕਿਉਂ ਰਿਹਾ।
- Punjab Panchayat 2023 : ਸੀਐਮ ਮਾਨ ਦਾ ਸਰਬ ਸੰਮਤੀ ਨਾਲ ਪੰਚਾਇਤਾਂ ਚੁਣਨ ਵਾਲਾ ਫਾਰਮੂਲਾ ਹੋਵੇਗਾ ਪਾਸ ਜਾਂ ਫੇਲ੍ਹ ? ਕੀ ਕਹਿਣਾ ਪਿੰਡ ਵਾਸੀਆਂ ਅਤੇ ਸਰਪੰਚਾਂ ਦਾ, ਖਾਸ ਰਿਪੋਰਟ
- ਚਾਂਦ ਸਿਨੇਮਾ ਨੇੜੇ ਹੋਇਆ ਵੱਡਾ ਹਾਦਸਾ, ਰੀਫਾਇੰਡ ਨਾਲ ਭਰਿਆ ਟੈਂਕਰ ਪਲਟਿਆ, ਸੜਕ 'ਤੇ ਹੋਈ ਤਿਲਕਣ ਨਾਲ ਡਿੱਗੇ ਲੋਕ
- ਬਹਿਬਲ ਕਲਾਂ ਇਨਸਾਫ਼ ਮੋਰਚਾ ਦੇ ਆਗੂਆਂ ਨੇ ਸਰਕਾਰ ਉੱਤੇ ਚੁੱਕੇ ਸਵਾਲ, MLA ਕੁੰਵਰਵਿਜੇ ਪ੍ਰਤਾਪ 'ਤੇ ਲਾਏ ਇਲਜ਼ਾਮ
ਦੂਜੇ ਪਾਸੇ ਡੀਐੱਸਪੀ ਜਸਪਿੰਦਰ ਸਿੰਘ ਨੇ ਕਿਹਾ ਕਿ ਵੀਡੀਓ ਉਨ੍ਹਾਂ ਕੋਲ ਆਉਂਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ। ਨੌਜਵਾਨਾਂ ਕੋਲੋਂ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ। ਇਸ ਸਬੰਧੀ ਸੀਆਰਪੀਸੀ ਤਹਿਤ ਕਾਰਵਾਈ ਕੀਤੀ ਗਈ ਹੈ। ਬਾਕੀ ਜਿਨ੍ਹਾਂ ਦੇ ਨਾਮ ਅਤੇ ਨੰਬਰ ਹਨ। ਉਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ।