ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ ਉੱਤੇ ਸੁਣਵਾਈ ਕਰਦੇ ਹੋਏ ਅੱਜ ਸ਼ੁਕਰਵਾਰ ਨੂੰ ਹਾਈਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ। ਇਸ ਨੂੰ ਲੈ ਕੇ ਸਮਰਥਕਾਂ ਵੱਲੋਂ ਖੁਸ਼ੀ ਵਿੱਚ ਲੱਡੂ ਵੰਡੇ ਗਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਾਈਕੋਰਟ ਨੇ ਆਸ਼ੂ ਦੀ ਜ਼ਮਾਨਤ ਪਟੀਸ਼ਨ ਉੱਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਆਸ਼ੂ ਦੇ ਸਮਰਥਕਾਂ ਵੱਲੋਂ ਵੰਡੇ ਜਾ ਰਹੇ ਲੱਡੂ: ਭਾਰਤ ਭੂਸ਼ਣ ਆਸ਼ੂ ਨੂੰ ਹੁਣ ਜ਼ਮਾਨਤ ਮਿਲਣ ਤੋਂ ਬਾਅਦ ਸਮਰਥਕਾਂ ਵਿੱਚ ਖੁਸ਼ੀ ਵੇਖੀ ਗਈ ਹੈ। ਸਮਰਥਕਾਂ ਨੇ ਲੱਡੂ ਵੰਡ ਕੇ ਹਾਈਕੋਰਟ ਵੱਲੋਂ ਆਸ਼ੂ ਨੂੰ ਮਿਲੀ ਰਾਹਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ।
ਫ਼ਰਵਰੀਂ ਤੋਂ ਟੱਲਦੀ ਆ ਰਹੀ ਸੀ ਸੁਣਵਾਈ: ਇਸ ਤੋਂ ਪਹਿਲਾਂ, ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਪਟੀਸ਼ਨ ਮਾਮਲੇ ਦੀ ਸੁਣਵਾਈ ਬੀਤੀ 17 ਫ਼ਰਵਰੀ ਤੋਂ ਲਗਾਤਾਰ ਟਲਦੀ ਆ ਰਹੀ ਸੀ। ਦਰਅਸਲ, ਜੇਲ੍ਹ 'ਚ ਬੰਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮਾਮਲੇ 'ਚ ਜ਼ਮਾਨਤ ਲਈ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਹਾਈਕੋਰਟ ਨੇ ਪਹਿਲਾ 17 ਫ਼ਰਵਰੀ ਤੇ ਫਿਰ 20 ਫ਼ਰਵਰੀ ਨੂੰ, ਫਿਰ ਇਸ ਤੋਂ ਬਾਅਦ 23 ਫਰਵਰੀ ਲਈ ਸੁਣਵਾਈ ਟਾਲ ਦਿੱਤੀ ਸੀ। ਇਸ ਤੋਂ ਬਾਅਦ ਹੁਣ ਆਸ਼ੂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।
ਪੰਜਾਬ ਸਰਕਾਰ ਤੋਂ ਸਵਾਲ : ਹਾਈ ਕੋਰਟ ਵਿੱਚ ਇਸ ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਆਪਣਾ ਪੱਖ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਹਾਈਕੋਰਟ ਨੇ ਆਸ਼ੂ ਦੀ ਜ਼ਮਾਨਤ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਹਾਈਕੋਰਟ ਵਿੱਚ ਪਿਛਲੀ ਸੁਣਵਾਈ ਦੌਰਾਨ ਮੁਲਜ਼ਮ ਆਸ਼ੂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਸਿਰਫ਼ ਉਸ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਸੀ ਕਿ ਇਸ ਮਾਮਲੇ 'ਚ ਹੁਣ ਤੱਕ ਕਿੰਨੇ ਕੇਸ ਦਰਜ ਹੋਏ ਹਨ। ਕੁੱਲ ਕਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਨੇ 16 ਅਗਸਤ 2022 ਨੂੰ ਮੁਲਜ਼ਮ ਆਸ਼ੂ ਖ਼ਿਲਾਫ਼ ਕੇਸ ਦਰਜ ਕੀਤਾ। ਫਿਰ 22 ਅਗਸਤ 2022 ਨੂੰ ਆਸ਼ੂ ਨੂੰ ਸੈਲੂਨ ਤੋਂ ਗ੍ਰਿਫਤਾਰ ਕੀਤਾ ਸੀ। ਕਰੀਬ 8 ਦਿਨਾਂ ਦੇ ਵਿਜੀਲੈਂਸ ਰਿਮਾਂਡ ਤੋਂ ਬਾਅਦ ਮੁਲਜ਼ਮ ਆਸ਼ੂ ਨੂੰ ਨਿਆਂਇਕ ਹਿਰਾਸਤ ਹੇਠ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ, ਆਸ਼ੂ ਵੱਲੋਂ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਇਸ 'ਤੇ ਸਾਬਕਾ ਮੰਤਰੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।
ਮਾਮਲੇ 'ਚ 7 ਹੋਰ ਨਾਮਜ਼ਦ : ਮੁਲਜ਼ਮ ਭਾਰਤ ਭੂਸ਼ਣ ਆਸ਼ੂ ਤੋਂ ਇਲਾਵਾ ਪੰਜਾਬ ਵਿਜੀਲੈਂਸ ਨੇ ਠੇਕੇਦਾਰ ਤੇਲੂਰਾਮ ਅਤੇ ਏਜੰਟ ਕ੍ਰਿਸ਼ਨ ਲਾਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਤੋਂ ਇਲਾਵਾ ਮਾਮਲੇ 'ਚ 7 ਹੋਰ ਇਸ ਮਾਮਲੇ ਵਿੱਚ ਨਾਮਜ਼ਦ ਹਨ। ਇਨ੍ਹਾਂ ਤੋਂ ਇਲਾਵਾ ਮੁਲਜ਼ਮ ਸੰਦੀਪ ਭਾਟੀਆ, ਜਗਰੂਪ ਸਿੰਘ, ਪੰਕਜ ਮੀਨੂੰ ਮਲਹੋਤਰਾ, ਇੰਦਰਜੀਤ ਇੰਡੀ, ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ, ਸੇਵਾਮੁਕਤ (ਡੀਐਫਐਸਸੀ) ਸੁਰਿੰਦਰ ਕੁਮਾਰ ਬੇਰੀ, ਪਨਸਪ ਦੇ ਤਤਕਾਲੀ ਜ਼ਿਲ੍ਹਾ ਮੈਨੇਜਰ ਜਗਨਦੀਪ ਢਿੱਲੋਂ, ਕੌਂਸਲਰ ਪਤੀ ਅਨਿਲ ਜੈਨ, ਮੁੱਲਾਂਪੁਰ ਵੀ ਸ਼ਾਮਲ ਹੈ। ਦਾਖਾ ਨਗਰ ਕੌਂਸਲ ਦੇ ਚੇਅਰਮੈਨ ਤੇਲੂਰਾਮ ਬਾਂਸਲ ਦੇ ਭਰਾ ਮਹਾਵੀਰ ਬਾਂਸਲ ਅਤੇ ਦੋ ਹੋਰ ਏਜੰਟ ਵੀ ਉੱਥੇ ਹੀ ਹਨ।
ਇਹ ਵੀ ਪੜ੍ਹੋ: Amritpal Search Operation Live Updates: ਖੰਨਾ ਐਸਐਸਪੀ ਦਾ ਖੁਲਾਸਾ, ਅੰਮ੍ਰਿਤਪਾਲ ਨੇ ਸੁਰੱਖਿਆ ਲਈ ਬਣਾਈ ਕਲੋਜ਼ ਪ੍ਰੋਟੇਕਸ਼ਨ ਟੀਮ