ਲੁਧਿਆਣਾ: ਪੰਜਾਬ ਵਿਚ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਸਵੇਰੇ ਸਾਢੇ ਸੱਤ ਵਜੇ ਤੋਂ ਲੈ ਕੇ ਦੋ ਵਜੇ ਤਕ ਸਰਕਾਰੀ ਦਫ਼ਤਰਾਂ ਵਿੱਚ ਮੁਲਾਜ਼ਮਾਂ ਨੂੰ ਹੁਣ ਡਿਊਟੀ ਨਿਭਾਉਣੀ ਹੋਵੇਗੀ। ਸਾਡੀ ਟੀਮ ਵੱਲੋਂ ਲੁਧਿਆਣਾ ਦੇ ਡੀਸੀ ਦਫ਼ਤਰ ਵਿਖੇ ਸਵੇਰੇ 7 30 ਵਜੇ ਡਿਊਟੀ ਦੇਣ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਸਾਰੇ ਹੀ ਮੁਲਾਜ਼ਮਾਂ ਨੂੰ ਭਾਜੜਾਂ ਪਾਈਆਂ ਹੋਈਆਂ ਸਨ ਅਤੇ ਸਾਰੇ ਹੀ ਮੁਲਾਜ਼ਮ ਠੀਕ ਸਾਢੇ ਸੱਤ ਵਜੇ ਪਹੁੰਚਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਦਿਖੇ। ਲਗਭਗ ਸਾਰੇ ਹੀ ਸਰਕਾਰੀ ਮੁਲਾਜ਼ਮ ਅਫਸਰ ਸਮੇਂ ਸਿਰ ਪਹੁੰਚ ਗਏ, ਪਰ ਕੁਝ ਗੈਰ ਹਾਜ਼ਰ ਪਾਏ ਗਏ।
ਡਿਪਟੀ ਕਮਿਸ਼ਨਰ ਹੋਏ 2 ਮਿੰਟ ਲੇਟ: ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਖੁਦ ਸਵੇਰੇ 7:32 ਵਜੇ ਆਪਣੇ ਦਫ਼ਤਰ ਵਿੱਚ ਪਹੁੰਚੇ। ਇਸ ਤੋਂ ਇਲਾਵਾ ਏਡੀਸੀ ਰਾਹੁਲ ਚਾਬਾ ਪਹਿਲਾਂ ਹੀ ਆਪਣੇ ਦਫ਼ਤਰ ਵਿੱਚ ਪਹੁੰਚ ਚੁੱਕੇ ਸਨ। ਜ਼ਿਲ੍ਹਾ ਪੰਚਾਇਤ ਅਫਸਰ 7: 30 ਉੱਤੇ ਵੀ ਆਪਣੇ ਦਫ਼ਤਰ ਵਿੱਚ ਮੌਜੂਦ ਨਹੀਂ ਸਨ। ਇਸ ਤੋਂ ਇਲਾਵਾ ਕਿਹਾ ਜਾ ਸਕਦਾ ਹੈ ਕਿ ਲਗਭਗ 70 ਫੀਸਦੀ ਦੇ ਕਰੀਬ ਮੁਲਾਜ਼ਮ ਸਮੇਂ ਸਿਰ ਆਪਣੀਆਂ ਸੀਟਾਂ 'ਤੇ ਪਹੁੰਚ ਗਏ।
ਮਹਿਲਾ ਮੁਲਾਜ਼ਮਾਂ ਨੇ ਕਿਹਾ 1-2 ਦਿਨ ਔਖਾ ਹੋਵੇਗਾ: ਸਰਕਾਰੀ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇੱਕ ਚੰਗਾ ਕਦਮ ਚੁੱਕਿਆ ਗਿਆ ਹੈ। ਬਿਜਲੀ ਬਚਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਜਿਸ ਨੂੰ ਸਾਡੇ ਵੱਲੋਂ ਪੂਰਨ ਸਮਰਥਨ ਦਿੱਤਾ ਜਾ ਰਿਹਾ ਹੈ, ਹਾਲਾਂਕਿ ਕੁਝ ਮਹਿਲਾ ਮੁਲਾਜ਼ਮਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲੇ ਇਕ ਦੋ ਦਿਨ ਥੋੜਾ ਜਾਂ ਮੁਸ਼ਕਿਲ ਹੋਵੇਗਾ, ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਆਦਤ ਪੈ ਜਾਵੇਗੀ ਕਿਉਂਕਿ ਉਨ੍ਹਾਂ ਵੱਲੋਂ ਆਪਣਾ ਘਰ ਵੀ ਚਲਾਉਣਾ ਹੈ ਅਤੇ ਨਾਲ ਆਪਣੀ ਡਿਊਟੀ ਵੀ ਕਰਨੀ ਹੈ।
ਸਰਕਾਰ ਵੱਲੋਂ ਚੰਗਾ ਉਪਰਾਲਾ: ਏਡੀਸੀ ਰਾਹੁਲ ਚਾਬਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਇਹ ਚੰਗਾ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਵੇਰੇ ਜਲਦੀ ਉੱਠਣਾ ਅਤੇ ਰਾਤ ਨੂੰ ਜਲਦੀ ਸੌਣ ਨਾਲ ਸਿਹਤਮੰਦ ਜ਼ਿੰਦਗੀ ਵੀ ਮਿਲਦੀ ਹੈ। ਇਸ ਨੂੰ ਸਾਰਿਆਂ ਨੂੰ ਹੀ ਆਪਣੇ ਉੱਤੇ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਵੇਰੇ ਅਮੂਮਨ ਜਲਦੀ ਉੱਠ ਜਾਂਦੇ ਹਨ ਅਤੇ ਹੁਣ ਦੋ ਵਜੇ ਜਦੋਂ ਫ੍ਰੀ ਹੋ ਜਾਣਗੇ, ਤਾਂ ਹੋਰ ਵੀ ਕੰਮ ਕਰ ਸਕਣਗੇ। ਹਲਾਂਕਿ, ਸਿਹਤ ਮਹਿਕਮੇ ਦੇ ਸਮੇਂ ਵਿੱਚ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ। ਸਰਕਾਰੀ ਹਸਪਤਾਲ, ਸਰਕਾਰੀ ਸਕੂਲ ਆਪਣੇ ਪਹਿਲਾਂ ਦੇ ਸਮੇਂ ਮੁਤਾਬਕ ਹੀ ਲੱਗਣਗੇ।
ਇਹ ਵੀ ਪੜ੍ਹੋ: Punjab government offices Timings: ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਜਾਣੋ ਅੱਜ ਕਿੰਨੇ ਵਜੇ ਤਕ ਖੁੱਲ੍ਹਣਗੇ ਦਫ਼ਤਰ