ਲੁਧਿਆਣਾ: ਖੇਤੀ ਐਕਟ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਰੇਲ ਰੋਕੋ ਅਤੇ ਟੋਲ ਪਲਾਜ਼ਾ ਬੰਦ ਕਰੋ ਧਰਨੇ ਜਾਰੀ ਹਨ। ਲਾਡੋਵਾਲ ਟੌਲ ਪਲਾਜ਼ਾ 'ਤੇ ਵੀ ਰਾਤ ਨੂੰ ਵੀ ਕਿਸਾਨਾਂ ਦਾ ਧਰਨਾ ਜਾਰੀ ਰਿਹਾ ਅਤੇ ਸਾਰੀਆਂ ਗੱਡੀਆਂ ਨੂੰ ਮੁਫ਼ਤ 'ਚ ਹੀ ਟੋਲ ਪਲਾਜ਼ਾ ਪਾਰ ਕਰਵਾਇਆ ਜਾ ਰਿਹਾ ਸੀ। ਕਿਸਾਨਾਂ ਨੇ ਕਿਹਾ ਕਿ ਉਹ ਇਨ੍ਹਾਂ ਨੂੰ ਨਹੀਂ ਚੱਲਣ ਦੇਣਗੇ। ਇਸ ਮੌਕੇ ਕਿਸਾਨਾਂ ਨੇ 9 ਅਕਤੂਬਰ ਨੂੰ ਦੋ ਘੰਟੇ ਲਈ ਪੰਜਾਬ ਦਾ ਪੂਰਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਐਕਟ ਬਣਾਇਆ ਹੈ ਉਹ ਕਿਸਾਨ ਵਿਰੋਧੀ ਹੈ ਅਤੇ ਉਹ ਆਖਰੀ ਦਮ ਤੱਕ ਇਸ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੇ ਇਹ ਆਰ-ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੂੰ ਅਧਿਆਪਕਾਂ ਦਾ ਅਤੇ ਵਪਾਰ ਮੰਡਲ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਕਿਸਾਨ ਆਪਣੇ ਧਰਨਿਆਂ ਦਾ ਸਿਆਸੀਕਰਨ ਨਹੀਂ ਹੋਣ ਦੇਣਗੇ। ਸਿਆਸਦਾਨਾਂ ਨੂੰ ਧਰਨਿਆਂ 'ਚ ਨਹੀਂ ਵੜਣ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਆਪਣੀ ਸਿਆਸਤ ਦਾ ਫਿਕਰ ਹੈ ਕਿਸਾਨਾਂ ਦਾ ਨਹੀਂ। ਜੇਕਰ ਹੁੰਦਾ ਤਾਂ ਉਹ ਦਿੱਲੀ ਦਾ ਘਿਰਾਓ ਕਰਦੇ ਨਾ ਕਿ ਪੰਜਾਬ ਦੇ ਵਿੱਚ ਸਿਆਸਤ ਚਮਕਾਉਂਦੇ।
ਉਨ੍ਹਾਂ ਕਿਹਾ ਕਿ ਹੁਣ ਸਵਾਮੀਨਾਥਨ ਰਿਪੋਰਟ ਦੀਆਂ ਸਿਫ਼ਾਰਸ਼ਾਂ ਵੀ ਕਿਸਾਨ ਲਾਗੂ ਕਰਵਾ ਕੇ ਰਹਿਣਗੇ ਕਿਉਂਕਿ ਕਿਸਾਨ ਬੀਤੇ ਕਈ ਸਾਲਾਂ ਤੋਂ ਸਰਕਾਰਾਂ ਦੀਆਂ ਮਨਮਾਨੀਆਂ ਸਿਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਉਂਦੇ ਦਿਨਾਂ 'ਚ ਕਾਰਪੋਰੇਟ ਘਰਾਨਿਆਂ ਦੇ ਪੈਟਰੋਲ ਪੰਪ ਦਾ ਵੀ ਬਾਈਕਾਟ ਕਰਨਗੇ ਅਤੇ ਉਨ੍ਹਾਂ ਨੂੰ ਵੀ ਬੰਦ ਕਰਵਾਉਣਗੇ।