ਲੁਧਿਆਣਾ: ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਸਦਕਾ ਸਤਲੁਜ ਦਰਿਆ ਲੁਧਿਆਣਾ ਕੋਲੋਂ ਬੁੱਢਾ ਹੋ ਕੇ ਲੰਘਦਾ ਹੈ। ਇੱਕ ਨਜ਼ਰ ਮਾਰਦੇ ਆਂ 60 ਕਿਲੋਮੀਟਰ ਦੇ ਦਾਇਰੇ 'ਚ ਫੈਲੇ ਬੁੱਢਾ ਨਾਲੇ ਦੇ ਰੂਟ 'ਤੇ
ਬੁੱਢਾ ਨਾਲਾ ਲੁਧਿਆਣਾ ਤੋਂ 35 ਕਿਲੋਮੀਟਰ ਪਹਿਲਾਂ ਪਿੰਡ ਕੂੰਮ ਕਲਾਂ ਤੋਂ ਸ਼ੁਰੂ ਹੁੰਦਾ ਹੈ। ਇਹ ਪਿੰਡ ਕੂੰਮਕਲਾਂ ਵਿਖੇ ਕੁਦਰਤੀ ਡਰੇਨਾਂ ਦੇ ਮੇਲ ਨਾਲ ਆਰੰਭ ਹੋਣ ਵਾਲੀ ਜਲ ਧਾਰਾ ਹੈ। ਇਸ ਪਿੰਡ 'ਚ ਪਾਣੀ ਪੂਰੀ ਤਰ੍ਹਾਂ ਸਾਫ ਵਗਦਾ ਹੈ। ਕੂੰਮ ਕਲਾਂ ਤੋਂ ਵਲੀਪੁਰ ਤੱਕ ਬੁੱਢੇ ਨਾਲੇ ਦੀ ਕੁੱਲ ਲੰਬਾਈ 60 ਕਿਲੋਮੀਟਰ ਹੈ ਤੇ ਲੁਧਿਆਣਾ ਸ਼ਹਿਰ ਅੰਦਰ ਲਾਂਘਾ ਤਕਰੀਬਨ 15 ਕਿਲੋਮੀਟਰ ਦਾ ਹੈ।
ਕੂੰਮ ਕਲਾਂ ਤੋਂ ਬਾਅਦ ਤਾਜਪੁਰ ਪੰਹੁਚ ਕੇ ਪਾਣੀ ਗੰਦਾ ਹੁੰਦਾ ਹੈ। ਤਾਜਪੁਰ ਵਿਖੇ ਹੀ ਫੈਕਟਰੀਆਂ ਤੇ ਡਾਇੰਗਾਂ ਦਾ ਰਸਾਇਣਿਕ ਵੇਸਟ ਬੁੱਢੇ ਨਾਲੇ 'ਚ ਡਿੱਗਦਾ ਹੈ। ਲੁਧਿਆਣਾ ਸ਼ਹਿਰ 'ਚ 20 ਅਜਿਹੀਆਂ ਥਾਵਾਂ ਹਨ ਜਿੱਥੇ ਸੀਵਰੇਜ ਦਾ ਅਣਸੋਧਿਆ ਪਾਣੀ ਸਿੱਧਾ ਹੀ ਦਰਿਆ ਵਿੱਚ ਪੈਂਦਾ ਹੈ। ਇਸ ਨਾਲ ਇਹ ਸਾਫ ਪਾਣੀ ਪੂਰੀ ਤਰ੍ਹਾਂ ਨਾਲ ਕਾਲਾ ਹੋ ਕੇ ਅੱਗੇ ਵੱਧਦਾ ਹੈ।
ਇਹ ਵੀ ਪੜ੍ਹੋ: ਕਾਲੇ ਪਾਣੀ ਖਿਲਾਫ਼ ਈਟੀਵੀ ਭਾਰਤ ਦਾ ਸੰਘਰਸ਼-2
ਫਿਰ ਹੰਬੜਾ ਪੰਹੁਚ ਕੇ ਇਹ ਕਾਲਾ ਪਾਣੀ ਹੈਜਾ, ਕਾਲਾ ਪੀਲੀਆ ਤੇ ਕੈਂਸਰ ਜਿਹੀਆਂ ਭਿਆਨਕ ਬੀਮਾਰੀਆਂ ਵੰਡਦਾ ਹੈ। ਬੁੱਢੇ ਨਾਲਾ ਪਿੰਡ ਬਲੀਪੁਰ, ਘਮਣੇਵਾਲ ਅਤੇ ਗੌਂਸਪੁਰਾ ਦੇ ਵਿੱਚ ਦਰਜਨਾਂ ਜ਼ਿੰਦਗੀਆਂ ਲੈ ਚੁੱਕਾ ਹੈ। ਗੌਂਸਪੁਰਾ 'ਚ ਤਾਂ ਪਰਿਵਾਰ ਦੇ ਪਰਿਵਾਰ ਹੀ ਖ਼ਤਮ ਹੋ ਗਏ।
ਇਹ ਵੀ ਪੜ੍ਹੋ: ਕਾਲੇ ਪਾਣੀ ਖਿਲਾਫ਼ ਈਟੀਵੀ ਭਾਰਤ ਦਾ ਸੰਘਰਸ਼-1
ਇਸ ਤਰ੍ਹਾਂ ਤਬਾਹੀ ਮਚਾਉਂਦਾ ਹੋਇਆ ਇਹ ਬੁੱਢਾ ਨਾਲਾ ਲੁਧਿਆਣਾ ਤੋਂ ਲਗਭਗ 25 ਕਿਲੋਮੀਟਰ ਦੂਰ ਪਿੰਡ ਵਲੀਪੁਰ ਕਲਾਂ ਵਿਖੇ ਜਾ ਕੇ ਸਤਲੁਜ ਦਰਿਆ 'ਚ ਸ਼ਾਮਲ ਹੋ ਜਾਂਦਾ ਹੈ। ਇਹ ਸਤਲੁਜ ਦਰਿਆ ਹਰੀਕੇ ਪੱਤਣ ਜਾ ਕੇ ਬਿਆਸ 'ਚ ਰਲ ਜਾਂਦਾ ਹੈ, ਜਿੱਥੋਂ ਰਾਜਸਥਾਨ ਨੂੰ ਜਾਂਦੀ ਇੰਦਰਾ ਗਾਂਧੀ ਨਹਿਰ ਆਪਣੇ ਪ੍ਰਦੂਸ਼ਿਤ ਜਲ ਨਾਲ ਇੱਥੇ ਵੀ ਬਿਮਾਰੀਆਂ ਦਾ ਸਬਬ ਬਣਦੀ ਹੈ।
ਈਟੀਵੀ ਭਾਰਤ ਇਸ ਗੰਦੇ ਨਾਲੇ ਦੇ ਕਿਨਾਰੇ ਪੈਂਦੇ ਪਿੰਡਾਂ ਦੀ ਵਿਗੜ੍ਹੀ ਜ਼ਿੰਦਗੀ ਦੀ ਨਾ ਸਿਰਫ਼ ਸਾਰ ਲਵੇਗਾ, ਸਗੋਂ ਨਾਲ ਹੀ ਉਨ੍ਹਾਂ ਮੁਸ਼ਕਿਲਾਂ ਨੂੰ ਖੜ੍ਹਾ ਕਰਨ ਦੇ ਲਈ ਜ਼ਿੰਮੇਵਾਰਾਂ ਨੂੰ ਉਜਾਗਰ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਈਟੀਵੀ ਭਾਰਤ ਦੀ ਇਹ ਵੀ ਕੋਸ਼ਿਸ਼ ਰਹੇਗੀ ਕਿ ਸਰਕਾਰਾਂ ਕੋਲ ਵੱਡੇ ਪੱਧਰ 'ਤੇ ਅਵਾਜ਼ ਨੂੰ ਬੁਲੰਦ ਕੀਤਾ ਜਾ ਸਕੇ ਤਾਂ ਜੋ ਸਰਕਾਰਾਂ ਵੱਡੇ ਫ਼ੈਸਲੇ ਲੈਣ ਲਈ ਆਪਣਾ ਮਨ ਪੱਕਾ ਕਰਨਯੋਗ ਹੋ ਸਕਣ।