ਲੁਧਿਆਣਾ: ਅਕਸਰ ਕਈ ਥਾਵਾਂ ਤੋਂ ਇਹ ਖ਼ਬਰਾਂ ਸੁਣਨ ਨੂੰ ਮਿਲਦੀਆਂ ਕਿ ਗੁਆਂਢੀ ਨੇ ਪ੍ਰੇਸ਼ਾਨ ਹੋ ਕੇ ਪਾਲਤੂ ਕੁੱਤੇ ਨੂੰ ਗੋਲੀਆਂ ਮਾਰੀਆਂ ਜਾਂ ਕਿਸੇ ਤਰ੍ਹਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਉੱਥੇ ਹੀ ਬੇਜ਼ੁਬਾਨਾਂ ਤੇ ਬੇਸਹਾਰਾ ਜਾਨਵਰਾਂ ਦੇ ਦੁੱਖ ਤਕਲੀਫ਼ ਸਮਝਣ ਲਈ ਹਰ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ। ਪਰ, ਅੱਜ ਅਸੀਂ ਤੁਹਾਡੇ ਨਾਲ ਉਸ ਸਖ਼ਸ਼ ਦੀ ਜਾਂ ਕਹਿ ਲਈਏ ਕਿ ਉਸ ਮਹਿਲਾ ਦੀ ਗੱਲ ਕਰਾਂਗੇ ਜੋ ਕਿ ਇਨ੍ਹਾਂ ਬੇਜ਼ੁਬਾਨਾਂ ਦਾ ਸਹਾਰਾ ਬਣੀ ਹੋਈ ਹੈ। ਇਸ ਨੇ ਆਪਣੇ ਘਰ ਨੂੰ ਬੇਜ਼ੁਬਾਨ ਜਾਨਵਰਾਂ ਲਈ ਆਸ਼ਰਮ ਵਿੱਚ ਬਦਲ ਦਿੱਤਾ ਹੈ।
ਜਾਨਵਰਾਂ ਨਾਲ ਬਚਪਨ ਤੋਂ ਮੋਹ: ਜੇਕਰ ਕੋਈ ਵੀ ਜਾਨਵਰ ਸੜਕ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਜਾਂ ਫਿਰ ਕੋਈ ਆਪਣੇ ਪਾਲਤੂ ਜਾਨਵਰ ਨੂੰ ਛੱਡ ਦਿੰਦਾ ਹੈ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਡੌਗ ਲਵਰ ਪੂਜਾ ਦੀ ਹੀ ਯਾਦ ਆਉਂਦੀ ਹੈ। ਉਨ੍ਹਾਂ ਦਾ ਸਹਾਰਾ ਬਣਦੀ ਹੈ ਅਤੇ ਇੱਕ ਮਾਂ ਵਾਂਗ ਉਨ੍ਹਾਂ ਦਾ ਧਿਆਨ ਰੱਖਦੀ ਹੈ। ਨਾ ਸਿਰਫ਼ ਉਨ੍ਹਾਂ ਦਾ ਖਾਣਾ ਪੀਣਾ, ਸਗੋਂ ਹਾਦਸਿਆਂ ਦਾ ਸ਼ਿਕਾਰ ਹੋਏ ਜਾਨਵਰਾਂ ਦਾ ਇਲਾਜ ਵੀ ਕਰਦੀ ਹੈ। ਪੂਜਾ ਦੀ ਦਰਿਆਦਿਲੀ ਵੇਖ ਮਨਜੀਤ ਸਿੰਘ ਜਿਸ ਨੇ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਉਹ ਵੀ ਇਕ ਮਾਂ ਜਿਸ ਦੇ ਛੋਟੇ ਛੋਟੇ ਕਤੂਰੇ ਹਨ ਅਤੇ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਸਾਰੇ ਛੋਟੇ ਕਤੂਰਿਆਂ ਨੂੰ ਮਨਜੀਤ ਸਿੰਘ ਲੈ ਕੇ ਪੂਜਾ ਦੇ ਘਰ ਆ ਗਿਆ ਅਤੇ ਉਸ ਨੂੰ ਸੌਂਪ ਦਿੱਤੇ।
ਪੂਜਾ ਦੇ ਘਰ ਦੇ ਹਰ ਕੋਨੇ ਦੇ ਵਿੱਚ ਤੁਹਾਨੂੰ ਜਾਨਵਰ ਹੀ ਵਿਖਾਈ ਦੇਣਗੇ, ਪੂਜਾ ਨੂੰ ਬਚਪਨ ਤੋਂ ਹੀ ਕੁੱਤਿਆਂ ਨਾਲ ਪਿਆਰ ਸੀ, ਇੰਨਾ ਹੀ ਨਹੀਂ ਉਸ ਦਾ ਡੌਗ ਪ੍ਰਤੀ ਪਿਆਰ ਕਰਕੇ ਉਸ ਦੀ ਨੂੰਹ ਵੀ ਉਨ੍ਹਾਂ ਦਾ ਘਰ ਛੱਡ ਕੇ ਚਲੀ ਗਈ, ਪਰ ਪੂਜਾ ਨੇ ਇਸ ਦੇ ਬਾਵਜੂਦ ਜਾਨਵਰਾਂ ਦੇ ਨਾਲ ਆਪਣਾ ਮੋਹ ਨਹੀਂ ਤਿਆਗਿਆ।
ਬੇਸਹਾਰਾ ਲਈ ਬਣੀ ਸਹਾਰਾ: ਪੂਜਾ ਦੇ ਕੋਲ ਸਿਰਫ ਆਵਾਰਾ ਜਾਨਵਰ ਹੀ ਨਹੀਂ, ਸਗੋਂ ਲੋਕ ਆਪਣੇ ਪਾਲਤੂ ਜਾਨਵਰ ਵੀ ਛੱਡ ਜਾਂਦੇ ਹਨ। ਸਾਡੀ ਟੀਮ ਨਾਲ ਗੱਲਬਾਤ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਸ ਕੋਲ ਲੋਕ ਮਹਿੰਗੀ ਮਹਿੰਗੀ ਕਿਸਮਾਂ ਦੇ ਪਾਲਤੂ ਡੋਗ ਵੀ ਛੱਡ ਜਾਂਦੇ ਹਨ। ਉਨ੍ਹਾਂ ਦੱਸਿਆ ਕੇ ਲੇਬਰੇ, ਹਸਕੀ, ਜਰਮਨ ਸ਼ੈਫਰਡ, ਪਿਟ ਬੁੱਲ ਤੇ ਹੋਰ ਕਈ ਕਿਸਮਾਂ, ਜਿਨ੍ਹਾਂ ਨੂੰ ਲੋਕ ਪੂਜਾ ਕੋਲ ਛੱਡ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਜਾਨਵਰ ਰੱਖ ਨਹੀਂ ਸਕਦੇ, ਤਾਂ ਉਨ੍ਹਾਂ ਨੂੰ ਲੈਕੇ ਕਿਉ ਆਉਂਦੇ ਹਨ, ਉਨ੍ਹਾਂ ਕਿਹਾ ਕਿ ਕਈ ਨਸਲਾਂ ਦੇ ਕੁੱਤੇ ਉਨ੍ਹਾਂ ਤੋਂ ਲੋਕ ਲੈ ਵੀ ਜਾਂਦੇ ਹਨ।
ਹਰ ਜਾਨਵਰ ਦੀ ਵੱਖਰੀ ਦਰਦਭਰੀ ਕਹਾਣੀ: ਪੂਜਾ ਦੇ ਕੋਲ ਜਿੰਨੇ ਵੀ ਜਾਨਵਰ ਨੇ ਉਨ੍ਹਾਂ ਸਾਰਿਆਂ ਦੀ ਆਪਣੀ ਵਖਰੀ ਵਖਰੀ ਦੁੱਖ ਭਰੀ ਕਹਾਣੀ ਹੈ, ਕੋਈ ਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੈ ਤੇ ਕੋਈ ਜਾਨਵਰ ਸੜਕ ਹਾਦਸੇ ਦਾ ਸ਼ਿਕਾਰ। ਕਿਸੇ ਦੀ ਮਾਂ ਨਹੀਂ ਤੇ ਕਿਸੇ ਨੂੰ ਮਰਨ ਲਈ ਸੜਕ ਤੇ ਛੱਡ ਦਿੱਤਾ, ਕਿਸੇ ਨੂੰ ਕੋਈ ਬਿਮਾਰੀ ਹੈ ਹਰ ਕਿਸੇ ਦੀ ਆਪਣੀ ਵੱਖਰੀ ਕਹਾਣੀ ਹੈ। ਪੂਜਾ ਦੀ ਵੀਡਿਉ ਵੇਖ ਮਨਜੀਤ ਸਿੰਘ ਆਪਣੇ ਪਿੰਡ ਤੋਂ 5 ਕੂਤਰੇ ਲੈਕੇ ਆਇਆ, ਜਿਨ੍ਹਾਂ ਦੀ ਮਾਂ ਬੀਤੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋਈ ਮਾਂ ਲਈ ਰੋਂਦੇ ਵਿਲਕਦੇ ਦੇਖ ਮਨਜੀਤ ਦਾ ਦਿਲ ਪਸੀਜ ਗਿਆ ਤੇ ਓਹ ਉਨ੍ਹਾਂ ਨੂੰ ਪੂਜਾ ਕੋਲ ਛੱਡ ਗਿਆ।
ਲੋਕਾਂ ਨੇ ਠੁਕਰਾਏ, ਪੂਜਾ ਨੇ ਅਪਣਾਏ: ਲੋਕਾਂ ਵਲੋਂ ਅਜਿਹੇ ਪਾਲਤੂ ਜਾਨਵਰ ਜੋ ਠੁਕਰਾ ਦਿੱਤੇ ਜਾਂਦੇ ਹਨ, ਜਿੰਨਾ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ, ਜਿਨ੍ਹਾਂ ਦੀ ਲੱਤ ਬਾਂਹ ਕੰਮ ਕਰਨਾ ਬੰਦ ਕਰ ਦਿੰਦੀ ਹੈ। ਉਨ੍ਹਾਂ ਨੂੰ ਪੂਜਾ ਅਪਣਾਉਂਦੀ ਹੈ। ਹੁਣ ਉਸ ਦੇ ਘਰ ਚ ਵੀ ਥਾਂ ਨਹੀਂ ਜਿੱਥੇ ਓਹ ਇਨ੍ਹਾਂ ਬੇਸਹਾਰਾ ਜਾਨਵਰਾਂ ਨੂੰ ਸਹਾਰਾ ਦੇ ਸਕੇ, ਕਈ ਕੁੱਤੇ ਇੰਨ੍ਹੇ ਖੂਖਾਂਰ ਹਨ ਕੇ ਉਨ੍ਹਾਂ ਕੋਲ ਸਿਰਫ ਪੂਜਾ ਹੀ ਜਾ ਸਕਦੀ ਹੈ। ਉਨ੍ਹਾਂ ਨੂੰ ਪਿੰਜਰਿਆਂ ਵਿੱਚ ਰਖਿਆ ਜਾਂਦਾ ਹੈ। ਫਿਰ ਜਦੋਂ ਉਹ ਫਰੈਂਡਲੀ ਹੋ ਜਾਂਦੇ ਹਨ, ਤਾਂ ਪੂਜਾ ਉਨ੍ਹਾਂ ਨੂੰ ਪਿੰਜਰੇ ਤੋਂ ਬਾਹਰ ਕੱਢ ਦਿੰਦੀ ਹੈ। ਪੂਜਾ ਕੋਲ ਇਹ ਜਾਨਵਰ ਖੁਸ਼ ਹੋ ਕੇ ਰਹਿੰਦੇ ਹਨ। ਉਹ ਉਨ੍ਹਾਂ ਨੂੰ ਤਿੰਨ ਟਾਇਮ ਦਾ ਖਾਣਾ ਦਿੰਦੀ ਹੈ, ਉੇਹ ਵੀ ਬਿਨਾਂ ਕਿਸੇ ਵਿਤਕਰੇ, ਰੋਜ਼ਾਨਾ ਸੈਂਕੜੇ ਪੈਕੇਟ ਬਰੈੱਡ ਤੇ 50 ਕਿਲੋ ਦੇ ਕਰੀਬ ਦੁੱਧ ਲੱਗ ਜਾਂਦਾ ਹੈ।
ਜਾਨਵਰਾਂ ਦੀ ਕਰਦੀ ਹੈ ਦਵਾਈ ਘੁੱਟੀ: ਡੋਗ ਲਵਰ ਪੂਜਾ ਜਾਨਵਰਾਂ ਦਾ ਇਲਾਜ ਵੀ ਕਰਦੀ ਹੈ। ਉਸ ਕੋਲ ਜ਼ਿਆਦਾਤਰ ਅਜਿਹੇ ਜਾਨਵਰ ਹਨ, ਜੋ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ, ਜਾਂ ਫਿਰ ਮਨੁੱਖੀ ਤਸ਼ੱਦਦ ਦਾ ਉਹ ਉਨ੍ਹਾਂ ਲਈ ਵਿਸ਼ੇਸ਼ ਤੌਰ ਉੱਤੇ ਦਵਾਈਆਂ ਲਿਆਉਂਦੀ ਹੈ। ਇੰਨਾ ਹੀ ਨਹੀਂ ਜਾਨਵਰਾਂ ਦੇ ਰੱਖ ਰਖਾਵ ਲਈ ਉਸ ਨੇ ਕੁਝ ਵਰਕਰ ਵੀ ਰੱਖੇ ਹੋਏ ਹਨ, ਜੋ ਉਨ੍ਹਾਂ ਜਾਨਵਰਾਂ ਦੀ ਮਰਹਮ ਪੱਟੀ ਕਰਦੇ ਹਨ। ਪੂਜਾ ਦੱਸਦੀ ਹੈ ਕਿ ਬੀਤੇ ਦਿਨੀਂ ਉਸ ਕੋਲ ਦੋ ਕਤੂਰੇ ਆਏ ਜਿਨ੍ਹਾਂ ਦੀ ਮਾਂ ਦਾ ਕਿਸੇ ਫੌਜੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਦੋਵਾਂ ਬੱਚਿਆਂ ਦੀਆਂ ਲੱਤਾਂ ਵੀ ਤੋੜ ਦਿੱਤੀਆਂ। ਉਨ੍ਹਾਂ ਦੱਸਿਆ ਕਿ ਉਹ ਚੱਲ ਫਿਰ ਨਹੀਂ ਸਕਦੇ, ਪਰ ਸਾਰੇ ਹੀ ਜਾਨਵਰ ਪਿਆਰ ਦੇ ਭੁੱਖੇ ਹੁੰਦੇ ਹਨ। ਉਹ ਉਨ੍ਹਾਂ ਦਾ ਇਲਾਜ ਕਰਦੀ ਹੈ, ਉਨ੍ਹਾਂ ਦੱਸਿਆ ਕਿ ਕਈ ਸਮਾਜ ਸੇਵੀ ਸੰਸਥਾਵਾਂ ਵੀ ਹਨ ਜੋ ਉਨ੍ਹਾਂ ਦੀ ਮਦਦ ਕਰਦੀ ਹੈ।
ਲੋਕਾਂ ਨੂੰ ਅਪੀਲ : ਡੌਗ ਲਵਰ ਪੂਜਾ ਨੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਉਹ ਜਾਨਵਰਾਂ ਵੱਲ ਜ਼ਰੂਰ ਧਿਆਨ ਦੇਣ, ਕਿਉਂਕਿ ਉਹ ਵੀ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਇਨ੍ਹਾਂ ਨੂੰ ਰੋਟੀ ਨਹੀਂ ਦੇ ਸਕਦੇ, ਪਾਣੀ ਨਹੀਂ ਦੇ ਸਕਦੇ, ਤਾਂ ਇਨ੍ਹਾਂ ਉੱਤੇ ਜ਼ੁਲਮ ਵੀ ਨਾ ਕਰੋ। ਉਨ੍ਹਾਂ ਕਿਹਾ ਕਿ ਇਹ ਘਰ ਵੀ ਉਸ ਨੂੰ ਸਮਾਜ ਸੇਵੀਆਂ ਦੀ ਮਦਦ ਨਾਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਘਰ ਇਨ੍ਹਾਂ ਜਾਨਵਰਾਂ ਦਾ ਹੀ ਹੈ, ਉਹ ਇੱਥੇ ਸਗੋਂ ਇਨ੍ਹਾਂ ਕੋਲ ਰਹਿੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਨਵਰਾਂ ਦੀ ਵੱਧ ਤੋਂ ਵੱਧ ਮਦਦ ਕਰਨ।
ਪੂਜਾ ਨੇ ਕਿਹਾ ਕਿ ਜ਼ਿਆਦਾ ਨਹੀਂ ਤਾਂ ਥੋੜ੍ਹੀ ਬਹੁਤ ਮਦਦ ਉਹ ਉਨ੍ਹਾਂ ਦੀ ਵੀ ਕਰ ਸਕਦੇ ਹਨ, ਕਿਉਂਕਿ ਰੋਜ਼ਾਨਾ ਇਨ੍ਹਾਂ ਜਾਨਵਰਾਂ ਲਈ ਹਜ਼ਾਰਾਂ ਰੁਪਏ ਦਾ ਖਾਣਾ ਆਉਂਦਾ ਹੈ। ਉਨ੍ਹਾਂ ਨੇ ਵਰਕਰ ਵੀ ਤਨਖ਼ਾਹ ਉੱਤੇ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਜਾਨਵਰਾਂ ਲਈ ਥੋੜ੍ਹੇ ਬਹੁਤ ਪੈਸੇ ਹਰ ਮਹੀਨੇ ਕੱਢੇ ਜਾਣ ਤਾਂ ਕਾਫ਼ੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ: ਗੋਬਿੰਦ ਸਾਗਰ ਝੀਲ ਹਾਦਸਾ: ਇੱਕੋ ਪਰਿਵਾਰ ਨੇ ਗੁਆਏ 4 ਲਾਲ, ਰੱਖੜੀ ਤੋਂ ਪਹਿਲਾਂ 3 ਭੈਣਾਂ ਨੇ ਇਕਲੌਤਾ ਭਰਾ ਗੁਆਇਆ