ਲੁਧਿਆਣਾ: ਸੂਬਾ ਸਰਕਾਰ ਵੱਲੋਂ ਜਿੰਮਾਂ ਨੂੰ ਖੋਲ੍ਹਣ ਦੀ ਇਜ਼ਾਜਤ ਨਾ ਮਿਲਣ ਕਾਰਨ ਡਵੀਜ਼ਨ ਨੰਬਰ-3 ਦੇ ਜਿੰਮ ਮਾਲਕ ਅਮਰਜੋਤ ਆਪਣੇ ਜਿੰਮ ਦੀਆਂ ਮਸ਼ੀਨਾਂ ਸੇਲ ਉੱਤੇ ਲਗਾ ਰਹੇ ਹਨ। ਇਸ ਕਾਰਜ ਵਿੱਚ ਉਨ੍ਹਾਂ ਨੂੰ ਅਕਾਲੀ ਦੇ ਯੂਥ ਆਗੂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ।
ਜਿੰਮ ਦੇ ਮਾਲਕ ਅਮਰਜੋਤ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੂਬਾ ਸਰਕਾਰ ਨੂੰ ਕਈ ਵਾਰ ਜਿੰਮਾਂ ਨੂੰ ਖੋਲ੍ਹਣ ਦੀ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਕੈਪਟਨ ਸਰਕਾਰ ਉਨ੍ਹਾਂ ਦੀ ਗੱਲ ਉੱਤੇ ਗੌਰ ਨਹੀਂ ਕਰ ਰਹੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਅਨਲੌਕ ਵਿੱਚ ਠੇਕਿਆਂ ਨੂੰ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਪਰ ਜਿੰਮਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਨਹੀਂ ਦਿੱਤੀ, ਜੋ ਕਿ ਮਨੁੱਖ ਨੂੰ ਤੰਦਰੁਸਤ ਰੱਖਦੇ ਹਨ।
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਰਨ ਲੱਗੇ ਲੌਕਡਾਊਨ ਵਿੱਚ ਉਨ੍ਹਾਂ ਦੇ ਜਿੰਮ ਪਿਛਲੇ 4 ਮਹੀਨਿਆਂ ਤੋਂ ਬੰਦ ਪਏ ਹਨ ਜਿਸ ਕਾਰਨ ਹੁਣ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਸ ਲੌਕਡਾਊਨ ਵਿੱਚ ਜਿੰਮ ਮਾਲਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿੱਤੀ। ਨਾ ਹੀ ਈਐਮ ਮਾਫ ਕੀਤੀ ਹੈ ਨਾ ਹੀ ਬਿਜਲੀ ਦੇ ਬਿੱਲ ਮਾਫ਼ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਪੰਜਾਬ ਵਿੱਚ ਨਸ਼ੇ ਬੰਦ ਕਰਨੇ ਹਨ ਤੇ ਦੂਜੇ ਪਾਸੇ ਉਹ ਸ਼ਰਾਬ ਦੇ ਠੇਕਿਆ ਨੂੰ ਖੋਲ੍ਹ ਕੇ ਨੌਜਵਾਨਾਂ ਨੂੰ ਨਸ਼ੇ ਵਲ ਭੇਜ ਰਹੀ ਹੈ।
ਇੱਥੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਅਨਲੌਕ ਦੇ ਤਹਿਤ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਇਜਾਜ਼ਕ ਤਾਂ ਦੇ ਦਿੱਤੀ ਪਰ ਜਿੰਮ ਮਾਲਕਾਂ ਨੇ ਕਈ ਵਾਰ ਪ੍ਰਦਰਸ਼ਨ ਵੀ ਕੀਤੇ ਪਰ ਸਰਕਾਰ ਨੇ ਜਿੰਮ ਖੋਲ੍ਹਣ ਦੀ ਮੰਜ਼ੂਰੀ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ: ਸੇਫਟੀ ਰੇਲਿੰਗ ਨੂੰ ਤੋੜ ਕੇ 10 ਫੁੱਟ ਥੱਲ੍ਹੇ ਡਿੱਗੀ i20 ਕਾਰ