ਲੁਧਿਆਣਾ: ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦੀ ਅੱਜ ਅੰਤਿਮ ਅਰਦਾਸ ਲੁਧਿਆਣਾ ਦੇ ਸਰਾਭਾ ਨਗਰ ਗੁਰਦੁਆਰਾ ਸਿੰਘ ਸਾਹਿਬ ਵਿਖੇ ਕੀਤੀ ਗਈ। ਇਸ ਮੌਕੇ ਰਾਜਨੀਤਕ ਹਸਤੀਆਂ ਦੇ ਨਾਲ ਫਿਲਮ ਜਗਤ ਅਤੇ ਪੰਜਾਬੀ ਸੰਗੀਤ ਜਗਤ ਦੀਆਂ ਹਸਤੀਆਂ ਵੱਡੇ ਪੱਧਰ ਉੱਤੇ ਪੁੱਜੀਆਂ। ਪਦਮ ਸ਼੍ਰੀ ਹੰਸ ਰਾਜ ਹੰਸ ਦੇ ਨਾਲ, ਫਰੀਦਕੋਟ ਤੋਂ ਐੱਮਪੀ ਮੁਹੰਮਦ ਸਦੀਕ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਗੋਲਡਨ ਸਟਾਰ ਮਲਕੀਤ ਸਿੰਘ ਅਤੇ ਹੋਰ ਵੀ ਕਈ ਸ਼ਖਸੀਅਤਾਂ ਪਹੁੰਚੀਆਂ।
ਪੰਜ ਲੱਖ ਦੀ ਮਦਦ: ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਆਪਣੇ ਫੰਡ ਤੋਂ ਪਰਿਵਾਰ ਦੀ ਮਦਦ ਲਈ ਪੰਜ ਲੱਖ ਰੁਪਏ ਦਾ ਐਲਾਨ ਕਰਦੇ ਹਨ। ਬਾਕੀ ਪਰਿਵਾਰ ਦੀ ਮਰਜ਼ੀ ਹੈ। ਇਸ ਮੌਕੇ ਹੰਸ ਰਾਜ ਹੰਸ ਨੇ ਵੀ ਸੁਰਿੰਦਰ ਸ਼ਿੰਦਾ ਨੂੰ ਯਾਦ ਕੀਤਾ। ਉਹਨਾਂ ਕਿਹਾ ਕਿ ਉਹ ਬੱਬਰ ਸ਼ੇਰ ਵਰਗੀ ਆਵਾਜ਼ ਦੇ ਮਾਲਕ ਸਨ ਉਹ ਗਾਇਕ ਵੀ ਬੱਬਰ ਸ਼ੇਰ ਵਰਗੇ ਹੀ ਸਨ। ਮੁਹੰਮਦ ਸਦੀਕ ਨੇ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਰੱਬ ਦਾ ਭਾਣਾ ਮੰਨਣ ਲਈ ਤਕੜੇ ਹੋਣ ਲਈ ਕਿਹਾ। ਸਾਰੇ ਹੀ ਫਿਲਮ ਜਗਤ ਦੀਆਂ ਹਸਤੀਆਂ ਜਿੱਥੇ ਸੁਰਿੰਦਰ ਸ਼ਿੰਦਾ ਨੂੰ ਯਾਦ ਕੀਤਾ ਉੱਥੇ ਹੀ ਗੋਲਡਨ ਸਟਾਰ ਮਲਕੀਤ ਸਿੰਘ ਨੇ ਕਿਹਾ ਕਿ ਉਹਨਾਂ ਦੀਆਂ ਯਾਦਾਂ ਨੂੰ ਉਹ ਕਦੇ ਭੁੱਲ ਨਹੀਂ ਸਕਦੇ।
ਜਸਵਿੰਦਰ ਭੱਲਾ ਨੇ ਯਾਦਾਂ ਕੀਤੀਆਂ ਸਾਂਝੀਆਂ: ਇਸ ਮੌਕੇ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਨੇ ਕਿਹਾ ਕਿ ਉਹ ਬਹੁਤ ਹੀ ਹਾਜਿਰ ਜਵਾਬ ਸਨ। ਹਰ ਗੱਲ ਦਾ ਉਨ੍ਹਾ ਕੋਲ ਢੁੱਕਵਾਂ ਜਵਾਬ ਸੀ। ਭੱਲਾ ਨੇ ਕਿਹਾ ਕਿ ਉਨ੍ਹਾਂ ਵਰਗਾ ਕਲਾਕਾਰ ਕਦੀ ਹੀ ਦੁਨੀਆਂ ਵਿੱਚ ਆਉਂਦਾ ਹੈ। ਜਸਵਿੰਦਰ ਭੱਲਾ ਨੇ ਯਾਦ ਸਾਂਝੀ ਕਰਦਿਆਂ ਕਿਹਾ ਕਿ ਇੱਕ ਵਾਰ ਜਦੋਂ ਉਹ ਬਹੁਤ ਘੱਟ ਉਮਰ ਦੇ ਸਨ ਤਾਂ ਸਟੇਜ 'ਤੇ ਉਹਨਾਂ ਨੇ ਕੋਈ ਕਾਮੇਡੀ ਗਾਣਾ ਗਾਇਆ ਸੀ। 8 ਮਿੰਟ ਦਾ ਗਾਣਾ ਸੀ ਪਰ ਉਨ੍ਹਾਂ ਕੋਲ ਕੋਈ ਵੀ ਸਾਜ਼ੀ ਨਹੀਂ ਸੀ। ਜਦੋਂ ਸੁਰਿੰਦਰ ਸ਼ਿੰਦਾ ਨੇ ਉਹਨਾਂ ਵੱਲ ਵੇਖਿਆ ਤਾਂ ਕਿਹਾ ਕਿ ਉਹ ਉਹਨਾਂ ਲਈ ਹਾਰਮੋਨੀਅਮ ਵਜਾਉਣਗੇ। ਉਨ੍ਹਾਂ ਕਿਹਾ ਕਿ ਪੂਰੇ ਅੱਠ ਮਿੰਟ ਤੱਕ ਉਹ ਹਾਰਮੋਨੀਅਮ ਵਜਾਉਂਦੇ ਰਹੇ। ਉਹਨਾਂ ਕਿਹਾ ਕਿ ਉਹ ਇਸ ਤਰ੍ਹਾਂ ਦੇ ਗਾਇਕ ਸੰਨ ਜੋ ਛੋਟਿਆਂ ਦਾ ਸਨਮਾਨ ਦਿੰਦੇ ਸਨ।