ਲੁਧਿਆਣਾ : ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਕਾਰਨ ਜਿੱਥੇ ਸਟਾਕ ਮਾਰਕੀਟ ਲਗਾਤਾਰ ਹੇਠਾਂ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੀ ਸਾਈਕਲ ਇੰਡਸਟਰੀ ਕੋਰੋਨਾ ਵਾਇਰਸ ਕਾਰਨ ਮੰਦੀ ਦੇ ਦੌਰ ਵਿੱਚੋਂ ਲੰਘ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੀ ਸਾਈਕਲ ਮਾਰਕੀਟ ਵਿਸ਼ਵ ਦੇ ਦੂਜੇ ਨੰਬਰ ਦੀ ਸਭ ਤੋਂ ਵੱਡੀ ਮਾਰਕੀਟ ਹੈ ਅਤੇ ਸਾਲਾਨਾ ਇੱਥੋਂ 2 ਕਰੋੜ ਸਾਈਕਲ ਬਣਾਏ ਜਾਂਦੇ ਹਨ, ਪਰ ਬੀਤੇ ਕੁੱਝ ਸਮੇਂ ਤੋਂ ਇੰਡਸਟਰੀ ਦਾ ਸੀਜ਼ਨ ਹੋਣ ਦੇ ਬਾਵਜੂਦ ਉਤਪਾਦਨ ਘੱਟ ਗਿਆ ਹੈ। ਇਸ ਨੂੰ ਲੈ ਕੇ ਯੂਸੀਪੀਐੱਮਏ ਦੇ ਪ੍ਰਧਾਨ ਨੇ ਕਿਹਾ ਹੈ ਕਿ ਜੇ ਇਹੀ ਹਾਲ ਰਿਹਾ ਤਾਂ ਇੰਡਸਟਰੀ ਬੰਦ ਵੀ ਹੋ ਸਕਦੀ ਹੈ।
ਯੂਨਾਈਟਿਡ ਸਾਈਕਲ ਪਾਰਟਸ ਉਤਪਾਦਨ ਐਸੋਸੀਏਸ਼ਨ ਦੇ ਪ੍ਰਧਾਨ ਡੀ.ਐੱਸ. ਚਾਵਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਅਸਰ ਲੁਧਿਆਣਾ ਦੀ ਸਾਈਕਲ ਇੰਡਸਟਰੀ ਉੱਤੇ ਮਾਰ ਪਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 50 ਫ਼ੀਸਦੀ ਤੱਕ ਦਾ ਸਾਈਕਲ ਇੰਡਸਟਰੀ ਨੂੰ ਹੁਣ ਤੱਕ ਘਾਟਾ ਪੈ ਚੁੱਕਾ ਹੈ।
ਇਹ ਵੀ ਪੜ੍ਹੋ : ਵੈਟਨਰੀ ਮਾਹਿਰਾਂ ਨੇ ਕਿਹਾ- ਕੋਰੋਨਾ ਦਾ ਕੁੱਤਿਆਂ 'ਤੇ ਨਹੀਂ ਕੋਈ ਅਸਰ
ਉਨ੍ਹਾਂ ਕਿਹਾ ਕਿ ਚੀਨ ਵਿੱਚ ਲੱਗਣ ਵਾਲੀਆਂ ਪ੍ਰਦਰਸ਼ਨੀਆਂ ਆਦਿ ਅਤੇ ਸਨਅਤਕਾਰਾਂ ਦੇ ਵਿਦੇਸ਼ੀ ਦੌਰੇ ਰੱਦ ਹੋ ਗਏ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਪੜ੍ਹਨ ਵਾਲੇ ਸਾਈਕਲ ਦੇ ਕਈ ਪੁਰਜੇ ਚੀਨ ਤੋਂ ਆਯਾਤ ਕੀਤੀ ਜਾਂਦੇ ਹਨ ਅਤੇ ਹੁਣ ਆਯਾਤ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ।
ਉੱਧਰ ਚਾਵਲਾ ਨੇ ਦੱਸਿਆ ਕਿ ਲੁਧਿਆਣਾ ਵਿੱਚ ਵੱਡੀ ਤਦਾਦ ਵਿੱਚ ਪ੍ਰਵਾਸੀ ਮਜ਼ਦੂਰ ਆਉਂਦੇ ਹਨ ਜਿੰਨ੍ਹਾਂ ਕਰਕੇ ਫੈਕਟਰੀਆਂ ਚੱਲਦੀਆਂ ਹਨ। ਹੁਣ ਕੋਰੋਨਾ ਵਾਇਰਸ ਤੋਂ ਉਹ ਵੀ ਡਰੇ ਹੋਏ ਹਨ ਅਤੇ ਜੋ ਮਜ਼ਦੂਰ ਪਿੰਡਾਂ ਨੂੰ ਚਲੇ ਗਏ ਹਨ ਉਹ ਵਾਪਸ ਨਹੀਂ ਪਰਤ ਰਹੀ। ਉਨ੍ਹਾਂ ਕਿਹਾ ਹਾਲਾਂਕਿ ਲੇਬਰ ਲਈ ਉਨ੍ਹਾਂ ਵੱਲੋਂ ਫੈਕਟਰੀਆਂ ਨੂੰ ਸੈਨੀਟਾਈਜ਼ ਵੀ ਕੀਤਾ ਗਿਆ ਹੈ ਅਤੇ ਸਮੇਂ-ਸਮੇਂ ਸਿਰ ਪ੍ਰਸ਼ਾਸਨ ਨਾਲ ਵੀ ਉਨ੍ਹਾਂ ਦੀ ਬੈਠਕਾਂ ਚੱਲ ਰਹੀਆਂ ਹਨ।