ਲੁਧਿਆਣਾ: ਪੰਜਾਬ ਕਾਂਗਰਸ ਪਾਰਟੀ ਤੋਂ ਨਾਰਾਜ਼ ਕਈ ਯੂਥ ਵਰਕਰ ਲੋਕ ਇਨਸਾਫ਼ ਪਾਰਟੀ 'ਚ ਸ਼ਾਮਲ ਹੋ ਗਏ ਹਨ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਥਾਨਕ ਸਰਕਟ ਹਾਊਸ 'ਚ ਸਾਡਾ ਪਾਣੀ ਸਾਡਾ ਹੱਕ ਮੁਹਿੰਮ ਅਧੀਨ ਰੱਖੀ ਇੱਕ ਬੈਠਕ ਦੌਰਾਨ ਕਾਂਗਰਸ ਤੋਂ ਨਾਰਾਜ਼ ਹੋਏ ਕਈ ਯੂਥ ਵਰਕਰਾਂ ਨੂੰ ਆਪਣੀ ਪਾਰਟੀ 'ਚ ਸ਼ਾਮਿਲ ਕੀਤਾ ਗਿਆ।
ਵਰਕਰਾਂ ਦਾ ਲੋਕ ਇਨਸਾਫ਼ ਪਾਰਟੀ 'ਚ ਸ਼ਾਮਲ ਹੋਣ 'ਤੇ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਿੱਥੇ ਵਰਕਰਾਂ ਦੇ ਪਾਰਟੀ 'ਚ ਸ਼ਾਮਲ ਹੋਣ ਨਾਲ ਪਾਰਟੀ ਮਜ਼ਬੂਤ ਹੋਈ ਹੈ ਉੱਥੇ ਹੀ ਪਾਰਟੀ 'ਚ ਇੱਕ ਨਵਾਂ ਜੋਸ਼ ਵੀ ਆਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਯੂਥ ਸੈਲ ਦੇ ਪੰਜਾਬ ਦੇ ਪ੍ਰਧਾਨ ਤਲਵਿੰਦਰ ਸਿੰਘ ਮਾਨ ਆਪਣੇ ਹਜ਼ਾਰਾਂ ਸਾਥੀਆਂ ਸਮੇਤ ਕਾਂਗਰਸ ਪਾਰਟੀ ਛੱਡ ਲੋਕ ਇਨਸਾਫ ਪਾਰਟੀ 'ਚ ਸ਼ਾਮਲ ਹੋਏ ਹਨ।
ਇਹ ਵੀ ਪੜ੍ਹੋ- 1984 ਸਿੱਖ ਕਤਲੇਆਮ: ਦੋਸ਼ੀਆਂ ਨੂੰ ਜ਼ਮਾਨਤ ਖ਼ਿਲਾਫ਼ ਸਿੱਖਾਂ 'ਚ ਰੋਸ
ਬੈਂਸ ਨੇ ਜਿੱਥੇ ਆਪਣੀ ਪਾਰਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿਆਨਬਾਜ਼ੀ ਤੋਂ ਦੂਰ ਜ਼ਮੀਨੀ ਹਕੀਕਤ 'ਤੇ ਜਾ ਕੇ ਕੰਮ ਕਰਨ 'ਚ ਭਰੋਸਾ ਰੱਖਦੀ ਹੈ, ਉੱਥੇ ਹੀ ਉਨ੍ਹਾਂ ਕਾਂਗਰਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਦਿਆਂ 'ਤੇ ਕਾਂਗਰਸ ਪਾਰਟੀ ਕੋਈ ਧਿਆਨ ਨਹੀਂ ਦੇ ਰਹੀ। ਇਸ ਦੇ ਨਾਲ ਹੀ ਬੈਂਸ ਨੇ ਕਿਸਾਨੀ, ਨਸ਼ਾ ਅਤੇ ਪੰਜਾਬ ਦੇ ਪਾਣੀਆਂ ਦੇ ਮੁੱਦਿਆਂ 'ਤੇ ਵੀ ਕੈਪਟਨ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਪੰਜਾਬ ਨੂੰ ਚਲਾਉਣ 'ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ।