ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਘਰ-ਘਰ ਨੌਕਰੀ ਸਕੀਮ ਦੇ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬਿਓਰੋ ਸਥਾਪਿਤ ਕੀਤੇ ਗਏ, ਜੋ ਰੁਜ਼ਗਾਰ ਮੇਲੇ ਲਗਾ ਕੇ ਨੌਜਵਾਨਾਂ ਨੂੰ ਨੌਕਰੀਆਂ ਮੁਹੱਇਆ ਕਰਵਾ ਰਹੇ ਹਨ। ਲੁਧਿਆਣਾ ਦੇ ਵਿੱਚ ਰੁਜ਼ਗਾਰ ਮੇਲਾ ਲਾਇਆ ਗਿਆ, ਜਿਸ ਵਿੱਚ ਨੌਜਵਾਨਾਂ ਨੂੰ ਨਿੱਜੀ ਕੰਪਨੀਆਂ ਵੱਲੋਂ ਨੌਕਰੀਆਂ ਦਿੱਤੀਆਂ ਗਈਆਂ। ਇਸ ਮੌਕੇ ਪੰਜਾਬ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੌਜਵਾਨਾਂ ਦਾ ਹੌਸਲਾ ਵਧਾਉਣ ਲਈ ਪਹੁੰਚੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਚੋਣ ਮਨੋਰਥ ਪੱਤਰ ਦੇ ਮੁਤਾਬਕ ਨੌਜਵਾਨਾਂ ਨਾਲ ਕੀਤਾ ਵਾਅਦਾ ਪੂਰਾ ਕਰੇਗੀ ਅਤੇ ਉਹਨਾਂ ਨੂੰ ਰੁਜ਼ਗਾਰ ਮੁਹੱਈਆ ਹਰ ਹਾਲ 'ਚ ਕਰਵਾਇਆ ਜਾਵੇਗਾ।
ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਾਲ ਅਤੇ ਅਗਲੇ ਸਾਲ 50 ਹਜ਼ਾਰ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਰੁਜ਼ਗਾਰ ਦਰ ਵਧਾਉਣ ਲਈ ਪੰਜਾਬ ਦੇ ਇੱਕ ਬਿਓਰੋ ਸਥਾਪਿਤ ਕੀਤੇ ਗਏ ਹਨ, ਜੋ ਰੁਜ਼ਗਾਰ ਮੇਲੇ ਲਗਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਹੇ ਹਨ। ਉੱਥੇ ਖੇਤੀਬਾੜੀ ਸੈਕਟਰ ਨੂੰ ਲੈ ਕੇ ਭਾਜਪਾ ਵੱਲੋਂ ਕੀਤੇ ਗਏ ਵਾਰ ਦਾ ਜਵਾਬ ਦਿੰਦਿਆ ਮੰਤਰੀ ਆਸ਼ੂ ਨੇ ਕਿਹਾ ਕਿ ਭਾਜਪਾ ਸ਼ਹਿਰੀ ਪਾਰਟੀ ਹੈ, ਉਨ੍ਹਾਂ ਨੂੰ ਕਿਸਾਨਾਂ ਬਾਰੇ ਅਤੇ ਖੇਤੀ ਬਾਰੇ ਜਾਣਕਾਰੀ ਨਹੀਂ ਹੈ।
ਉਧਰ ਦੂਜੇ ਪਾਸੇ ਨੌਕਰੀ ਮਿਲਣ ਵਾਲੇ ਨੌਜਵਾਨਾਂ ਨੇ ਸਰਕਾਰ ਦਾ ਧੰਨਵਾਦ ਕੀਤਾ, ਪਰ ਨਾਲ ਇਹ ਕਿਹਾ ਕਿ ਤਨਖ਼ਾਹ ਹੋਰ ਵਾਧਾ ਕੀਤਾ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਿੱਜੀ ਕੰਪਨੀਆਂ 15 ਹਜ਼ਾਰ ਰੁਪਏ ਤੱਕ ਦੀਆਂ ਨੌਕਰੀਆਂ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਨੌਕਰੀ ਲਈ ਮੁਹਾਲੀ ਜਾ ਕੇ ਰਹਿਣਾ ਪਵੇਗਾ, ਜਿਸ ਵਿਚ ਉਨ੍ਹਾਂ ਦਾ ਕਾਫ਼ੀ ਖਰਚਾ ਆ ਜਾਂਦਾ ਹੈ।