ਲੁਧਿਆਣਾ: ਮਿੰਨੀ ਉਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਖੇਡਾਂ ਦੀ ਸ਼ਾਨ ਅਤੇ ਪੰਜਾਬ ਦੀ ਰਵਾਇਤੀ ਖੇਡ ਹੁਣ ਮੁੜ ਦੇਖਣ ਨੂੰ ਮਿਲੀ ਹੈ। ਸੁਪਰੀਮ ਕੋਰਟ ਦੀ ਪਾਬੰਦੀ ਦੇ ਚੱਲਦਿਆਂ 13 ਸਾਲ ਮਗਰੋਂ ਸੂਬੇ ਅੰਦਰ ਪਹਿਲੀ ਵਾਰ ਬੈਲ ਗੱਡੀਆਂ ਦੀਆਂ ਦੌੜਾਂ ਪਾਇਲ ਦੇ ਪਿੰਡ ਧੌਲਮਾਜਰਾ ਵਿਖੇ ਕਰਾਈਆਂ ਗਈਆਂ। ਇੱਥੇ ਸੂਬੇ ਭਰ ਤੋਂ 100 ਦੇ ਕਰੀਬ ਬੈਲ ਦੌੜਾਕ ਪੁੱਜੇ। ਇਸਦੇ ਨਾਲ ਹੀ ਸੁਪਰੀਮ ਕੋਰਟ 'ਚ ਇਸ ਕੇਸ ਦੀ ਪੈਰਵੀ ਕਰਨ ਵਾਲੇ ਵਕੀਲ ਨੂੰ ਸਨਮਾਨਤ ਵੀ ਕੀਤਾ ਗਿਆ।
ਵਕੀਲ ਨੇ ਲੜੀ ਲੰਬੀ ਲੜਾਈ: ਵਕੀਲ ਵਿਭੂ ਸੁਸ਼ਾਂਤ ਨੇ ਦੱਸਿਆ ਕਿ ਉਹਨਾਂ ਵੱਲੋਂ ਬੈਲ ਗੱਡੀਆਂ ਦੀ ਦੌੜ ਲਈ ਲੰਬੀ ਕਾਨੂੰਨੀ ਲੜਾਈ ਲੜੀ ਗਈ। ਜਿਸ ਮਗਰੋਂ ਦੇਸ਼ ਦੀ ਸਰਬਉੱਚ ਅਦਾਲਤ ਨੇ ਉਹਨਾਂ ਦੇ ਤੱਥਾਂ ਨੂੰ ਸਹੀ ਮੰਨਦੇ ਹੋਏ ਦੇਸ਼ ਭਰ 'ਚੋਂ ਇਹਨਾਂ ਦੌੜਾਂ ਉਪਰ ਲਾਈ ਪਾਬੰਦੀ ਹਟਾਈ। ਵਕੀਲ ਨੇ ਦੱਸਿਆ ਕਿ ਉਹਨਾਂ ਨੇ ਸੁਪਰੀਮ ਕੋਰਟ 'ਚ ਤਰਕ ਰੱਖਿਆ ਕਿ ਇਸ ਤਰ੍ਹਾਂ ਦੀਆਂ ਖੇਡਾਂ ਹਰੇਕ ਸੂਬੇ ਦੀਆਂ ਰਵਾਇਤੀ ਖੇਡਾਂ ਹਨ। ਇਹ ਸਦੀਆਂ ਤੋਂ ਹੁੰਦੀਆਂ ਆ ਰਹੀਆਂ ਹਨ। ਇਹਨਾਂ ਦੇ ਨਾਲ ਕਈ ਤਰ੍ਹਾਂ ਦੀਆਂ ਪ੍ਰੰਪਰਾਵਾਂ ਜੁੜੀਆਂ ਹਨ। ਉਹਨਾਂ ਕਿਹਾ ਕਿ ਅੱਜ ਪੰਜਾਬ ਅੰਦਰ ਮੁੜ ਤੋਂ ਇਹ ਖੇਡਾਂ ਹੋ ਰਹੀਆਂ ਹਨ। ਜਿਹਨਾਂ 'ਚ ਸ਼ਾਮਲ ਹੋ ਕੇ ਉਹਨਾਂ ਨੂੰ ਬੜੀ ਖੁਸ਼ੀ ਹੋ ਰਹੀ ਹੈ।
ਦੌੜਾਕ ਕਮੇਟੀ ਪੰਜਾਬ ਪ੍ਰਧਾਨ ਦਾ ਬਿਆਨ: ਮਾਲਵਾ ਦੁਆਬਾ ਬੈਲ ਦੌੜਾਕ ਕਮੇਟੀ ਪੰਜਾਬ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਨੇ ਦੱਸਿਆ ਕਿ ਕਰੀਬ 13 ਸਾਲਾਂ ਮਗਰੋਂ ਇਹ ਖੇਡਾਂ ਦੀ ਰੌਣਕ ਮੁੜ ਪੰਜਾਬ ਅੰਦਰ ਪਰਤੀ ਹੈ। ਇਸਦਾ ਸਿਹਰਾ ਵਕੀਲ ਵਿਭੂ ਸ਼ੁਸ਼ਾਂਤ ਨੂੰ ਜਾਂਦਾ ਹੈ। ਇਸੇ ਕਾਰਨ ਉਨ੍ਹਾਂ ਵੱਲੋਂ ਵਕੀਲ ਨੂੰ ਬੁਲਾ ਕੇ ਸਨਮਾਨਤ ਕੀਤਾ ਗਿਆ ਅਤੇ ਰਸਮੀ ਤੌਰ 'ਤੇ ਮੁੜ ਬੈਲ ਗੱਡੀਆਂ ਦੀਆਂ ਦੌੜਾਂ ਵੀ ਸ਼ੁਰੂ ਕਰਾਈਆਂ ਗਈਆਂ। ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਇਹ ਰਵਾਇਤੀ ਖੇਡਾਂ ਬੰਦ ਪਈਆਂ ਸੀ। ਉਹਨਾਂ ਕਿਹਾ ਕਿ ਕਿਲ੍ਹਾ ਰਾਏਪੁਰ ਖੇਡਾਂ ਵਿਸ਼ਵ ਭਰ 'ਚ ਮਸ਼ਹੂਰ ਹਨ। ਉਨ੍ਹਾਂ ਦੱਸਿਆ ਕਿ 11 ਜੂਨ ਨੂੰ ਇਹ ਦੌੜਾਂ ਕਰਾਈਆਂ ਜਾਣਗੀਆਂ।
ਦੌੜਾਕਾਂ ਦੀ ਖੁਸ਼ੀ: ਇਹਨਾਂ ਮੁਕਾਬਲਿਆਂ 'ਚ ਦੂਰ ਦਰਾਡੇ ਤੋਂ ਪਹੁੰਚੇ ਬੈਲ ਦੌੜਾਕਾਂ ਦੇ ਚਿਹਰੇ 'ਤੇ ਖੁਸ਼ ਸਾਫ਼ ਦਿਖਾਈ ਦੇ ਰਹੀ ਸੀ। ਪਿੰਡ ਅੱਜਰਵਾਲ ਤੋਂ ਆਏ ਪ੍ਰੇਮ ਸਿੰਘ ਨੇ ਕਿਹਾ ਕਿ ਉਹਨਾਂ ਦੇ ਦਾਦੇ, ਪੜਦਾਦੇ ਇਹ ਖੇਡਾਂ ਖੇਡਦੇ ਆ ਰਹੇ ਹਨ। ਉਹਨਾਂ ਵੱਲੋਂ ਪੀੜ੍ਹੀ ਦਰ ਪੀੜ੍ਹੀ ਇਹਨਾਂ ਖੇਡਾਂ ਨੂੰ ਜਾਰੀ ਰੱਖਿਆ ਜਾ ਰਿਹਾ ਹੈ। ਖੇਡਾਂ ਬੰਦ ਹੋਣ ਨਾਲ ਬਹੁਤ ਨਿਰਾਸ਼ਾ ਹੋਈ ਸੀ। ਹੁਣ ਪਾਬੰਦੀ ਖਤਮ ਹੋਣ ਨਾਲ ਉਹਨਾਂ ਨੂੰ ਵਿਆਹ ਨਾਲੋਂ ਵੱਧ ਖੁਸ਼ੀ ਹੈ। ਉਥੇ ਹੀ ਖੇਡਾਂ 'ਚ ਇਨਾਮ ਘੱਟ ਹੋਣ ਉਪਰ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਇਹ ਖੇਡ ਘਰ ਫੂਕ ਦੇ ਤਮਾਸ਼ਾ ਦੇਖਣ ਵਾਲੀ ਹੈ। ਇਸ ਕਰਕੇ ਪ੍ਰਬੰਧਕਾਂ ਨੂੰ ਇਨਾਮ ਵੱਧ ਰੱਖਣੇ ਚਾਹੀਦੇ ਹਨ। ਕਿਉਂਕਿ ਜੇਕਰ ਦੌੜਾਕ ਬੈਲ ਨਾ ਰੱਖਣ ਤਾਂ ਬੈਲ ਸੂਬੇ ਚੋਂ ਖਤਮ ਹੋ ਜਾਣਗੇ। ਇੱਕ ਹੋਰ ਬੈਲ ਦੌੜਾਕ ਵਿੱਕੀ ਨੇ ਕਿਹਾ ਕਿ ਹਿੰਦੁਸਤਾਨ ਦੀ ਸਰਬਉਚ ਅਦਾਲਤ ਨੇ ਜੋ ਫੈਸਲਾ ਦਿੱਤਾ ਹੈ ਉਸ ਨਾਲ ਦੇਸ਼ ਵਿਦੇਸ਼ ਅੰਦਰ ਬੈਠੇ ਬੈਲ ਦੌੜਾਕਾਂ ਅਤੇ ਉਹਨਾਂ ਦੇ ਚਾਹਵਾਨਾਂ ਅੰਦਰ ਖੁਸ਼ੀ ਦੀ ਲਹਿਰ ਹੈ। ਇਸ ਖੁਸ਼ੀ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ।