ਲੁਧਿਆਣਾ: ਜ਼ਿਲ੍ਹੇ ਦੀ ਰਾਹੋਂ ਰੋਡ ਜੋ ਕਿ ਆਪਣੀ ਖਸਤਾ ਹਾਲਤ ਨੂੰ ਲੈ ਕੇ ਬੀਤੇ ਕਈ ਸਾਲਾਂ ਤੋਂ ਆਮ ਲੋਕਾਂ ਲਈ ਜੀਅ ਦਾ ਜੰਜਾਲ ਬਣ ਹੀ ਹੋਈ ਸੀ। ਹੁਣ ਉਸ ਲਈ ਪ੍ਰਾਜੈਕਟ ਪਾਸ ਕਰ ਦਿਤਾ ਗਿਆ ਹੈ, ਰਾਹੋਂ ਰੋਡ 43.45 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਕੀਤੀ ਜਾਣੀ ਹੈ ਅਤੇ ਇਸ ਸਬੰਧੀ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ। 11.43 ਕਿਲੋ ਮੀਟਰ ਦੀ ਇਹ ਸੜਕ ਲੁਧਿਆਣਾ ਦੀ ਲਾਈਫ ਲਾਈਨ ਹੈ ਅਤੇ ਹੋਰਨਾਂ ਜ਼ਿਲ੍ਹਿਆਂ ਨੂੰ ਲੁਧਿਆਣਾ ਦੇ ਨਾਲ ਜੋੜਦੀ ਹੈ, ਪਰ ਹੁਣ ਇਸ ਸੜਕ ਦੇ ਨਿਰਮਾਣ ਨੂੰ ਲੈ ਕੇ ਕ੍ਰੇਡਿਟ ਵਾਰ ਵੀ ਸ਼ੁਰੂ ਹੋ ਚੁੱਕੀ ਹੈ, ਇਲਾਕੇ ਦੇ ਕਾਂਗਰਸੀ ਐੱਮਪੀ ਡਾਕਟਰ ਅਮਰ ਸਿੰਘ ਨੇ ਜਿੱਥੇ ਇਸ ਪ੍ਰਾਜੈਕਟ ਨੂੰ ਖੁੱਦ ਦੇ ਯਤਨਾਂ ਨਤੀਜਿਆ ਦੱਸਿਆ ਹੈ ਉੱਥੇ ਹੀ ਦੂਜੇ ਪਾਸੇ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਦਾਅਵਾ ਕੀਤਾ ਹੈ ਕਿ ਇਹ ਪ੍ਰਾਜੈਕਟ ਉਨ੍ਹਾਂ ਵੱਲੋਂ ਮੁੱਖ ਮੰਤਰੀ ਮੰਤਰੀਆਂ ਨੂੰ ਕਾਫੀ ਵਾਰ ਮਿਲਣ ਤੋਂ ਬਾਅਦ ਮਨਜ਼ੂਰੀ ਲੈ ਕੇ ਲਿਆਂਦਾ ਗਿਆ ਹੈ।
ਮੈਂਬਰ ਪਾਰਲੀਮੈਂਟ ਦਾ ਦਾਅਵਾ: ਮਾਰਚ 2023 ਲਈ ਭਾਰਤ ਸਰਕਾਰ ਦੇ ਸੜਕ ਨਿਰਮਾਣ ਮਹਿਕਮੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਮਾਰਚ ਮਹੀਨੇ ਵਿੱਚ ਇਸ ਦੀ ਸ਼ੁਰੂਆਤ ਕਰਨ ਦੀ ਗੱਲ ਕਹੀ ਗਈ ਹੈ, ਜਿਸ ਨੂੰ ਲੈ ਕੇ ਇਲਾਕੇ ਦੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਪਾਈ ਗਈ। ਉਨ੍ਹਾਂ ਵੱਲੋਂ 9 ਦਸੰਬਰ 2022 ਨੂੰ ਲੋਕ ਸਭਾ ਵਿੱਚ ਰਾਹੋਂ ਰੋਡ ਦਾ ਮੁੱਦਾ ਚੁੱਕਿਆ ਗਿਆ ਸੀ, ਜਿਸ ਉੱਤੇ ਗੌਰ ਫੁਰਮਾਉਂਦੇ ਹੋਏ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਆਖਰਕਾਰ ਇਹ ਕੇਂਦਰੀ ਗਰਾਂਟ ਉਹਨਾਂ ਵੱਲੋਂ ਲੋਕ ਸਭਾ ਵਿੱਚ ਮੁੱਦਾ ਚੁੱਕੇ ਜਾਣ ਤੋਂ ਬਾਅਦ ਸੜਕ ਦੇ ਨਿਰਮਾਣ ਲਈ ਜਾਰੀ ਕੀਤੀ ਗਈ ਹੈ।
'ਆਪ' ਵਿਧਾਇਕ ਦਾ ਦਾਅਵਾ: ਰਾਹੋਂ ਰੋਡ ਨੂੰ ਲੈ ਕੇ ਇਕ ਪਾਸੇ ਜਿੱਥੇ ਮੈਂਬਰ ਪਾਰਲੀਮੈਂਟ ਖੁਦ ਨੂੰ ਵਡਿਆਈ ਦੇ ਰਹੇ ਨੇ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਪ੍ਰਾਜੈਕਟ ਨੂੰ ਲਿਆਉਣ ਲਈ ਉਹਨਾਂ ਨੇ ਇੱਕ ਸਾਲ ਦੀ ਮਿਹਨਤ ਕੀਤੀ ਗਈ ਹੈ। ਇਸ ਸਬੰਧੀ ਲਗਾਤਾਰ ਉਹ ਮੁੱਖ ਮੰਤਰੀ ਮੰਤਰੀ ਨੂੰ ਮਿਲ ਰਹੇ ਸਨ, ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਸੀ ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਖਲ ਤੋਂ ਬਾਅਦ ਆਖਰਕਾਰ ਇਸ ਪ੍ਰਾਜੈਕਟ ਸਬੰਧੀ ਕੇਂਦਰ ਸਰਕਾਰ ਵੱਲੋਂ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ। ਹਰਦੀਪ ਸਿੰਘ ਮੁੰਡੀਆਂ ਨੇ ਦਾਅਵਾ ਕੀਤਾ ਕਿ ਮੈਂਬਰ ਪਾਰਲੀਮੈਂਟ ਸਾਬ੍ਹ ਨੂੰ ਤਾਂ ਇਲਾਕੇ ਦੇ ਲੋਕ ਲੱਭਦੇ ਰਹਿੰਦੇ ਹਨ ਪਰ ਉਹ ਵਿਖਾਈ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਸੜਕ ਉੱਤੇ ਉਤਰ ਕੇ ਕੰਮ ਹੁੰਦੇ ਹਨ ਦਿੱਲੀ ਵਿਚ ਬੈਠ ਕੇ ਨਹੀਂ, ਹਲਕਾ ਵਿਧਾਇਕ ਨੇ ਕਿਹਾ ਕਿ ਉਹਨਾਂ ਨੇ ਇਸ ਦੀ ਪਮਿਆਸ਼ ਕਰਨ ਲਈ ਖੁਦ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੂਰਾ ਰੋਡ ਮੈਪ ਬਣਾ ਕੇ ਦਿੱਤਾ, ਜਿਸ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਅੱਗੇ ਭੇਜਿਆ ਗਿਆ, ਵਿਧਾਇਕ ਨੇ ਇਹ ਵੀ ਕਿਹਾ ਕਿ ਸਿਰਫ਼ ਲੋਕ ਸਭਾ ਦੇ ਵਿੱਚ ਭਾਸ਼ਣ ਦੇਣ ਦੇ ਨਾਲ ਕੰਮ ਨਹੀਂ ਹੁੰਦੇ।
ਕ੍ਰੈਡਿਟ ਵਾਰ: ਦਰਅਸਲ ਰਾਹੋਂ ਰੋਡ ਦਾ ਕੰਮ ਬੀਤੇ ਕਈ ਸਾਲਾਂ ਤੋਂ ਲਟਕਿਆ ਹੋਇਆ ਸੀ, ਅਕਾਲੀ ਭਾਜਪਾ ਦੇ 10 ਸਾਲ ਦੇ ਕਾਰਜਕਾਲ ਅਤੇ ਕਾਂਗਰਸ ਦੇ 5 ਸਾਲ ਦੇ ਕਾਰਜਕਾਲ ਲੰਘ ਜਾਣ ਦੇ ਬਾਵਜੂਦ ਵੀ ਇਸ ਸੜਕ ਦਾ ਨਿਰਮਾਣ ਨਹੀਂ ਹੋ ਸਕਿਆ ਸੀ। ਇਸ ਸੜਕ ਉੱਤੇ ਨਿਤ ਦਿਨ ਹਾਦਸੇ ਹੁੰਦੇ ਨੇ, ਇਲਾਕੇ ਦੇ ਵਿੱਚ ਮਾਈਨਿੰਗ ਦਾ ਕੰਮ ਹੋਣ ਕਰਕੇ ਅਕਸਰ ਹੀ ਟਿੱਪਰ ਲੰਘਦੇ ਹਨ ਅਤੇ ਬਰਸਾਤਾਂ ਦੇ ਵਿੱਚ ਇਸ ਸੜਕ ਦੀ ਹਾਲਤ ਹੋਰ ਵੀ ਖਸਤਾ ਹੋ ਜਾਂਦੀ ਸੀ। ਇਸ ਸੜਕ ਨੂੰ ਲੈ ਕੇ ਹੁਣ ਕ੍ਰੈਡਿਟ ਵਾਰ ਵੀ ਸ਼ੁਰੂ ਹੋ ਚੁੱਕਾ ਹੈ, ਕਾਂਗਰਸ ਅਤੇ ਆਮ ਆਦਮੀ ਪਾਰਟੀ ਮੁੜ ਤੋਂ ਵਿਕਾਸ ਪ੍ਰਾਜੈਕਟਾਂ ਨੂੰ ਲੈ ਕੇ ਆਮੋਂ ਸਾਹਮਣੇ ਹਨ, ਇਸ ਸਬੰਧੀ ਲੁਧਿਆਣਾ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਦੇ ਵਿਧਾਇਕ ਸ਼ਰਨਜੀਤ ਢਿੱਲੋਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਇਸ ਬਾਰੇ ਗੱਲ ਕੀਤੀ ਗਈ ਸੀ ਅਤੇ ਤਤਕਾਲੀ ਪੀਡਬਲਿਊਡੀ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਇਸ ਨੂੰ ਉਸ ਵੇਲੇ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ।
ਲੋਕ ਹੋ ਰਹੇ ਖੱਜਲ: ਰਾਹੋਂ ਰੋਡ ਦੀ ਖਸਤਾ ਹਾਲਤ ਹੋਣ ਕਰਕੇ ਇਲਾਕਾ ਵਾਸੀ ਬੀਤੇ ਕਈ ਸਾਲਾਂ ਤੋਂ ਪਰੇਸ਼ਾਨ ਨੇ, ਸਾਡੀ ਟੀਮ ਵੱਲੋਂ ਇਲਾਕੇ ਦੇ ਵਿੱਚ ਜਾ ਕੇ ਆਮ ਲੋਕਾਂ ਨਾਲ ਰਾਹਗੀਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਕਿਸੇ ਵੀ ਸਰਕਾਰ ਵੇਲੇ ਇਸ ਸੜਕ ਦਾ ਨਿਰਮਾਣ ਕਾਰਜ ਨਹੀਂ ਹੋਇਆ, ਸਿਰਫ਼ ਲੀਡਰ ਦਾਅਵੇ ਕਰਕੇ ਚਲੇ ਗਏ। ਉਨ੍ਹਾਂ ਨੇ ਕਿਹਾ ਕਿ ਇੱਥੇ ਨਿੱਤ ਦਿਨ ਸੜਕ ਹਾਦਸੇ ਹੁੰਦੇ ਹਨ, ਕਈ ਮੌਤਾਂ ਸੜਕ ਹਾਦਸਿਆਂ ਵਿੱਚ ਹੋ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਇਸ ਸੜਕ ਦਾ ਕੰਮ ਨਹੀਂ ਹੋ ਰਿਹਾ। ਸਥਾਨਕ ਲੋਕਾਂ ਨੇ ਉਮੀਦ ਜਤਾਈ ਕਿ ਜੇਕਰ ਮੌਜੂਦਾ ਸਰਕਾਰ ਦੇ ਵਿਧਾਇਕ ਕੇਂਦਰ ਵੱਲੋਂ ਗ੍ਰਾਂਟ ਦਿੱਤੇ ਜਾਣ ਦਾ ਦਾਅਵਾ ਕਰ ਰਹੀ ਹੈ ਤਾਂ ਸ਼ਾਇਦ ਸੜਕ ਦਾ ਨਿਰਮਾਣ ਹੋਵੇਗਾ ਜਿਸ ਨਾਲ ਲੋਕਾਂ ਦੀ ਭਲਾਈ ਹੋਵੇਗੀ।
ਇਹ ਵੀ ਪੜ੍ਹੋ: Instagram Honey Trap: ਕੀ ਹੈ ਹਨੀਟ੍ਰੈਪ, ਕਿਵੇਂ ਚੱਲਦੈ ਹੁਸਨ ਦਾ ਤਲਿੱਸਮ, ਜਾਣੋ ਇਸ ਖ਼ਬਰ ਰਾਹੀਂ