ਲੁਧਿਆਣਾ: ਜ਼ਿਲ੍ਹੇ ਦੀ ਈਸਾ ਨਗਰੀ ਪੁਲੀ ਉੱਤੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਫਰਨੀਚਰ ਦੀ ਦੁਕਾਨ ਅੰਦਰ ਸ਼ਰਾਬ ਦਾ ਠੇਕਾ ਖੋਲ੍ਹ ਕੇ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ ਗਈ। ਇੱਥੋਂ ਤੱਕ ਕਿ ਠੇਕੇਦਾਰ ਕੋਲ ਸ਼ਰਾਬ ਵੇਚਣ ਦਾ ਲਾਇਸੰਸ ਤੱਕ ਨਹੀਂ ਸੀ, ਸਥਾਨਕ ਲੋਕਾਂ ਨੇ ਇਸ ਦਾ ਸਖਤ ਵਿਰੋਧ ਕੀਤਾ। ਇਸ ਦੌਰਾਨ ਮੌਕੇ ਉੱਤੇ ਪੁਲਿਸ ਨੂੰ ਵੀ ਸੱਦਿਆ ਗਿਆ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਵੀ ਪਹੁੰਚੇ। ਜਿਹਨਾਂ ਨੇ ਦਸਤਾਵੇਜ਼ ਨਾ ਹੋਣ ਕਰਕੇ ਠੇਕਾ ਬੰਦ ਕਰ ਦਿੱਤਾ।
ਗੈਰ-ਕਾਨੂੰਨੀ ਸ਼ਰਾਬ ਦਾ ਠੇਕਾ: ਸਥਾਨਕ ਲੋਕਾਂ ਨੇ ਕਿਹਾ ਕਿ 30 ਮੀਟਰ ਦੀ ਦੂਰੀ ਉੱਤੇ ਦੂਜਾ ਸ਼ਰਾਬ ਦਾ ਠੇਕਾ ਹੈ ਅਤੇ ਕੁੱਝ ਹੀ ਦੂਰੀ ਉੱਤੇ ਗੁਰਦੁਆਰਾ ਸਾਹਿਬ ਵੀ ਹੈ ਪਰ ਇਸ ਦੇ ਬਾਵਜੂਦ ਦੂਜਾ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ। ਜਿਸ ਕਰਕੇ ਆਮ ਲੋਕਾਂ ਨੂੰ ਮੁਸ਼ਕਲਾਂ ਹੋ ਰਹੀਆਂ ਨੇ। ਨੇੜੇ ਹੀ ਆਟੇ ਦੀ ਚੱਕੀ ਦੇ ਮਾਲਕ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ, ਉਸ ਦੀ ਦੁਕਾਨ ਉੱਤੇ ਮਹਿਲਾਵਾਂ ਆਉਂਦੀਆਂ ਹਨ ਅਤੇ ਬਜ਼ੁਰਗ ਵੀ ਆਉਂਦੇ ਹਨ। ਗਲੀ-ਗਲੀ ਸ਼ਰਾਬ ਦਾ ਠੇਕਾ ਖੋਲ੍ਹਿਆ ਜਾ ਰਿਹਾ ਹੈ ਜੋ ਕਿ ਸਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਸਥਾਨਕ ਲੋਕਾਂ ਨੇ ਕਿਹਾ ਉਨ੍ਹਾਂ ਕੋਲ ਠੇਕਾ ਖੋਲ੍ਹਣ ਲਈ ਲੋੜੀਂਦੇ ਦਸਤਾਵੇਜ ਵੀ ਉਪਲੱਬਧ ਨਹੀਂ ਹਨ।
- Protest against smart meters: ਸਮਾਰਟ ਮੀਟਰ ਲਗਾਉਣ ਦੇ ਵਿਰੋਧ 'ਚ ਕਿਸਾਨਾਂ ਨੇ ਪਾਵਰਕਾਮ ਦਫ਼ਤਰ ਅੱਗੇ ਲਾਇਆ ਪੱਕਾ ਧਰਨਾ
- Minister Harjot Bains bitten snake: ਹੜ੍ਹ 'ਚ ਲੋਕਾਂ ਦੀ ਸਾਰ ਲੈਣ ਗਏ ਮੰਤਰੀ ਹਰਜੋਤ ਬੈਂਸ ਨੂੰ ਸੱਪ ਨੇ ਡੱਸਿਆ, ਹਾਲਤ ਖਤਰੇ ਤੋਂ ਬਾਹਰ
- Firozpur Flood Update: ਦਰਿਆਵਾਂ ਦੇ ਪਾਣੀ ਨੇ ਫਿਰੋਜ਼ਪੁਰ 'ਚ ਮਚਾਇਆ ਕਹਿਰ, ਲੋਕਾਂ ਨੇ ਕੀਤੀ ਮਦਦ ਦੀ ਅਪੀਲ
ਠੇਕਾ ਕਰਵਾਇਆ ਗਿਆ ਬੰਦ: ਉੱਧਰ ਮੌਕੇ ਉੱਤੇ ਪਹੁੰਚੇ ਪੁਲਿਸ ਦੇ ਮੁਲਾਜ਼ਮਾਂ ਨੇ ਸ਼ਰਾਬ ਦੇ ਠੇਕੇ ਨੂੰ ਬੰਦ ਕਰ ਦਿੱਤਾ। ਸ਼ਰਾਬ ਦੇ ਠੇਕੇਦਾਰ ਨੇ ਕਿਹਾ ਹੈ ਕਿ ਉਹ ਸੋਮਵਾਰ ਨੂੰ ਦਸਤਾਵੇਜ ਪੂਰੇ ਕਰ ਲਵੇਗਾ, ਹਾਲਾਂਕਿ ਫਿਲਹਾਲ ਉਸ ਦਾ ਸਮਾਨ ਜ਼ਬਤ ਨਹੀਂ ਕੀਤਾ ਗਿਆ । ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਫਰਨੀਚਰ ਦੀ ਦੁਕਾਨ ਦੇ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣਾ ਗੈਰ-ਕਾਨੂੰਨੀ ਹੈ। ਇਮਾਰਤ ਦੇ ਮਾਲਕ ਨੇ ਕਿਹਾ ਕਿ ਉਨ੍ਹਾਂ ਨੇ ਫਰਨੀਚਰ ਵਾਲਿਆਂ ਨੂੰ ਦੁਕਾਨ ਖਾਲੀ ਕਰਨ ਲਈ ਕਿਹਾ ਹੋਇਆ ਸੀ। ਦੁਕਾਨ ਮਾਲਕ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਠੇਕੇਦਾਰ ਕੋਲ ਲਾਈਸੈਂਸ ਨਹੀਂ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਸਰਕਾਰ ਹਰ ਗਲੀ-ਮੁਹੱਲੇ ਦੇ ਵਿੱਚ ਜੋ ਠੇਕਾ ਖੋਲ੍ਹਣ ਸ਼ੁਰੂ ਕਰ ਰਹੀ ਹੈ। ਉਹ ਲੋਕਾਂ ਲਈ ਬਹੁਤ ਖਤਰਨਾਕ ਹੈ। ਲੋਕਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਪਰ ਹਰ ਗਲੀ-ਨੁੱਕੜ ਦੇ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਿਆ ਜਾ ਰਿਹਾ ਅਤੇ ਸਰਕਾਰ ਨਸ਼ਾ ਮੁਕਤੀ ਲਈ ਨਹੀਂਂ ਸਗੋਂ ਨਸ਼ੇ ਨੂੰ ਵਧਾਉਣ ਲਈ ਇਹ ਕੰਮ ਕਰ ਰਹੀ ਹੈ।