ਲੁਧਿਆਣਾ: ਲੁਧਿਆਣਾ ਪੁਲਿਸ ਨੇ ਬੀਤੀ ਦੇਰ ਰਾਤ ਗਿੱਲ ਕਲੋਨੀ ਦੇ ਵਿੱਚ 30 ਸਾਲ ਦੇ ਸਿੱਖ ਨੌਜਵਾਨ ਬਲਦੇਵ ਸਿੰਘ ਉਰਫ ਜੱਸਾ ਦਾ ਕਤਲ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬੀਤੀ ਦੇਰ ਰਾਤ ਹੀ ਦੋਹਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਬਲਦੇਵ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਅੱਜ ਇਨ੍ਹਾਂ ਦੋਹਾਂ ਨੂੰ ਪੁਲਿਸ ਵੱਲੋਂ ਟੀਮਾਂ ਬਣਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਸ ਦੀ ਪੁਸ਼ਟੀ ਲੁਧਿਆਣਾ ਦੇ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਵੱਲੋਂ ਕੀਤੀ ਗਈ ਹੈ।
ਰੰਜਿਸ਼ ਕਾਰਨ ਕਤਲ: ਥਾਣਾ ਡਾਬਾ ਦੇ ਅਧੀਨ ਇਹ ਮਾਮਲਾ ਦਰਜ ਕੀਤਾ ਗਿਆ ਸੀ ਪੁਲਿਸ ਨੇ ਇਸ ਨੂੰ 12 ਘੰਟੇ ਦੇ ਅੰਦਰ ਹੀ ਦੋਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨ੍ਹਾ ਦੀ ਸ਼ਨਾਖ਼ਤ ਪ੍ਰਿੰਸ ਅਤੇ ਅੰਕਿਤ ਵਜੋਂ ਹੋਈਂ ਹੈ, ਪ੍ਰਿੰਸ ਨਿਊ ਸ਼ਿਮਲਾਪੁਰੀ ਦਾ ਰਹਿਣ ਵਾਲਾ ਹੈ ਅਤੇ ਅੰਕਿਤ ਗਿੱਲ ਕਲੋਨੀ 'ਚ ਰਹਿੰਦਾ ਹੈ। ਪ੍ਰਿੰਸ ਅਤੇ ਬਲਦੇਵ ਸਿੰਘ ਵਿਚਕਾਰ ਕੁਝ ਦਿਨ ਪਹਿਲਾਂ ਕਿਸੇ ਮਾਮਲੇ ਨੂੰ ਲੈ ਕੇ ਤਕਰਾਰਬਾਜ਼ੀ ਹੋਈ ਸੀ ਜਿਸ ਤੋਂ ਬਾਅਦ ਪ੍ਰਿੰਸ ਨੇ ਰੰਜਿਸ਼ ਰੱਖਦੇ ਹੋਏ ਆਪਣੇ ਸਾਥੀ ਦੇ ਨਾਲ ਮਿਲ ਕੇ ਬਲਦੇਵ ਸਿੰਘ ਦਾ ਕਤਲ ਕਰ ਦਿੱਤਾ।
ਮੁਲਜ਼ਮਾਂ ਕੋਲੋ ਹਥਿਆਰ ਬਰਾਮਦ: ਪੁਲਿਸ ਨੇ ਦੋਹਾਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਡੂੰਘਾਈ ਨਾਲ ਪੁੱਛਗਿੱਛ ਕਰਨ ਦੀ ਗੱਲ ਵੀ ਕਹੀ ਹੈ। ਇਸ ਸਬੰਧੀ ਡੀ ਸੀ ਪੀ ਜਸਕਿਰਨਜੀਤ ਸਿੰਘ ਤੇਜਾ ਵੱਲੋਂ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਕਤਲ ਦੇ ਵਿੱਚ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਹਨ। ਇਕ ਕ੍ਰਿਪਾਨ ਅਤੇ ਇੱਕ ਲੋਹੇ ਦਾ ਦਾਤ ਪੁਲਿਸ ਵੱਲੋਂ ਇਨ੍ਹਾਂ ਕੋਲੋਂ ਬਰਾਮਦ ਕੀਤਾ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਸ਼ਿਮਲਾਪੁਰੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਹਾਲਾਂਕਿ ਦੋਵਾਂ ਦਾ ਕੋਈ ਪੁਰਾਣਾ ਪੁਲਿਸ ਰਿਕਾਰਡ ਨਹੀਂ ਹੈ।