ਖੰਨਾ: ਭਾਰਤ ਸਰਕਾਰ ਵੱਲੋਂ 'ਇੱਕ ਦੇਸ਼ ਇੱਕ ਮੰਡੀ' ਦੀ ਸੁਵਿਧਾ ਲਿਆਂਦੀ ਜਾ ਰਹੀ ਹੈ, ਜਿਸ ਦੇ ਅਧੀਨ ਕੋਈ ਵੀ ਕਿਸਾਨ ਆਪਣੀ ਫ਼ਸਲ ਨੂੰ ਕਿਸੇ ਵੀ ਥਾਂ ਉੱਤੇ ਲਿਜਾ ਕੇ ਵੇਚ ਸਕਦਾ ਹੈ। ਭਾਰਤ ਸਰਕਾਰ ਦੀ ਇਸ ਸਕੀਮ ਦਾ ਪੰਜਾਬ ਦੇ ਕਿਸਾਨਾਂ ਅਤੇ ਆੜਤੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਨੇ ਖੰਨਾ ਵਿਖੇ ਆੜਤੀ ਭਾਈਚਾਰੇ ਨਾਲ ਮੀਟਿੰਗ ਕੀਤੀ। ਇਸ ਵਿੱਚ ਕੇਂਦਰੀ ਸਰਕਾਰ ਦੀ ਇੱਕ ਦੇਸ਼ ਇੱਕ ਮੰਡੀ ਦੇ ਵਿਰੋਧ ਬਾਰੇ ਚਰਚਾ ਕੀਤੀ ਗਈ।
ਰਾਜੇਵਾਲ ਨੇ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਦੀ ਫ਼ਸਲਾ ਐੱਮ.ਐੱਸ.ਪੀ ਤਾਂ ਨਿਰਧਾਰਿਤ ਕੀਤਾ ਹੈ ਪਰ ਉਨ੍ਹਾਂ ਨੂੰ ਉਸ ਮੁਤਾਬਕ ਰੇਟ ਤਾਂ ਮਿਲ ਹੀ ਨਹੀਂ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਅਤੇ ਆੜਤੀਆਂ ਦੇ ਸਬੰਧਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ, ਜੋ ਕਿ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਰਾਜੇਵਾਲ ਨੇ ਦੱਸਿਆ ਕਿ ਆੜਤੀਏ ਤਾਂ ਕਿਸਾਨਾਂ ਦੇ ਦਿਨ-ਰਾਤ ਵਾਲੇ ਬੈਂਕ ਹਨ, ਜੋ ਕਿਸੇ ਵੀ ਸਮੇਂ ਲੋੜ ਪੈਣ ਉੱਤੇ ਕਿਸਾਨਾਂ ਨੂੰ ਪੈਸੇ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਸੂਏ ਸਾਫ਼ ਕਰਵਾਉਣ ਦੇ ਨਾਂਅ ਉੱਤੇ ਲੱਖਾਂ ਰੁਪਏ ਕਾਗਜਾਂ ਵਿੱਚ ਦਿਖਾ ਜਾਂਦੀਆਂ ਹਨ, ਪਰ ਕਿਸਾਨਾਂ ਨੂੰ ਨਹਿਰੀ ਪਾਣੀ ਕਿੱਥੋਂ ਮਿਲਣਾ ਹੈ।
ਉਨ੍ਹਾਂ ਦੱਸਿਆ ਕਿ ਇਸ ਨੂੰ ਲੈ ਕੇ ਬੀਕੇਯੂ ਵੱਲੋਂ ਸਰਕਾਰ ਦੀਆਂ ਨੀਤੀਆਂ ਵਿਰੁੱਧ ਰੈਲੀ ਵੀ ਕੱਢੀ ਜਾਵੇਗੀ। ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸਾ, ਆੜਤੀਆ ਬਿੱਟੂ ਲਿਬੜਾ ਨੇ ਬੋਲਦੇ ਕਿਹਾ ਕਿ ਸਰਕਾਰ ਦਿਨ ਪ੍ਰਤੀ ਦਿਨ ਪੈਟਰੋਲ ਦੇ ਰੇਟ ਵਧਾ ਰਹੀ ਹੈ ਅਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਸਹੀ ਐੱਮ.ਐੱਸ.ਪੀ ਵੀ ਨਹੀਂ ਦੇ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਦੀ ਇਸ ਨੀਤੀ ਦੇ ਵਿਰੁੱਧ ਕਿਸਾਨ ਯੂਨੀਅਨਾਂ ਅਤੇ ਆੜਤੀਏ ਇਕੱਠੇ ਹੋ ਕੇ ਐੱਸ.ਡੀ.ਐੱਮ ਖੰਨਾ ਨੂੰ ਮੰਗ ਪੱਤਰ ਦੇਣਗੇ ਅਤੇ ਜੇ ਸਰਕਾਰ ਨੇ ਕੁੱਝ ਨਾ ਕੀਤਾ ਤਾਂ ਉਹ ਆਪਣੇ ਕੰਮ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣਗੇ।