ਲੁਧਿਆਣਾ: ਜ਼ਿਲ੍ਹੇ ਦੀ ਸੀ ਐਮ ਐਸ ਕੰਪਨੀ ਦੇ ਵਿੱਚ ਕਰੋੜਾਂ ਰੁਪਏ ਦੀ ਲੁੱਟ ਕਰਨ ਵਾਲੇ ਮੁਲਜ਼ਮਾਂ ਨੂੰ ਅੱਜ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੱਜ ਕਰਨ ਅਗਰਵਾਲ ਦੀ ਅਦਾਲਤ ਵਿੱਚ ਇਨ੍ਹਾਂ ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ ਤਾਂ ਪੁਲਿਸ ਵੱਲੋਂ ਛੇ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਪੁਲਿਸ ਨੂੰ ਤਿੰਨ ਦਿਨ ਦਾ ਰਿਮਾਂਡ ਦਿੱਤਾ ਹੈ। 18 ਮੁਲਜ਼ਮਾਂ ਨੂੰ ਹੁਣ ਮੁੜ ਤੋਂ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਲਗਾਤਾਰ ਇਨ੍ਹਾਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਬਰਾਮਦਗੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿੱਚ ਕੁੱਲ 8.49 ਕਰੋੜ ਰੁਪਏ ਦੀ ਲੁੱਟ ਹੋਈ ਸੀ ਜਦੋਂ ਕਿ ਪੁਲਿਸ ਨੇ ਹੁਣ ਤੱਕ 7 ਕਰੋੜ 10 ਲੱਖ ਰੁਪਏ ਬਰਾਮਦ ਕੀਤੇ ਹਨ ਜਿਸ ਨੂੰ ਲੈ ਕੇ ਪੁਲਿਸ ਦੀ ਅਤੇ ਕੰਪਨੀ ਦੇ ਅਧਿਕਾਰੀਆਂ ਦੀ ਬੀਤੇ ਦਿਨੀ ਇੱਕ ਮੀਟਿੰਗ ਵੀ ਹੋਈ ਸੀ।
ਤਿੰਨ ਦਿਨ ਦਾ ਰਿਮਾਂਡ ਮਿਲਿਆ: ਪੁਲਿਸ ਇੱਕ ਤੋਂ ਬਾਅਦ ਇੱਕ ਇਸ ਮਾਮਲੇ ਦੇ ਵਿੱਚ ਖੁਲਾਸੇ ਕਰ ਰਹੀ ਹੈ ਅਤੇ ਬਰਾਮਦਗੀਆਂ ਕਰ ਰਹੀ ਹੈ। ਇਸੇ ਕਰਕੇ ਪੁਲਿਸ ਨੇ ਤਿੰਨ ਮੁਲਜ਼ਮਾਂ ਦਾ ਹੋਰ ਰਿਮਾਂਡ ਮੰਗਿਆ ਹੈ। ਪੁਲਿਸ ਵੱਲੋਂ ਹਾਲੇ ਤੱਕ ਇਸ ਲੁੱਟ ਦੇ ਵਿੱਚ ਵਰਤੇ ਗਏ ਹਥਿਆਰ ਬਰਾਮਦ ਨਹੀਂ ਕੀਤੇ ਗਏ ਹਨ, ਜਿਸ ਦੇ ਅਧਾਰ ਉੱਤੇ ਪੁਲਿਸ ਵੱਲੋਂ ਛੇ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਤਿੰਨ ਦਿਨ ਦਾ ਰਿਮਾਂਡ ਮਿਲਿਆ ਹੈ। ਮਾਮਲੇ ਦੇ ਵਿੱਚ ਬੀਤੇ ਦਿਨੀਂ ਬਰਨਾਲਾ ਤੋਂ ਪੁਲਿਸ ਵੱਲੋਂ ਡੀਵੀਆਰ ਵੀ ਬਰਾਮਦ ਕੀਤੇ ਗਏ ਸਨ ਜਿਨ੍ਹਾਂ ਨੂੰ ਡਾਟਾ ਰਿਕਵਰੀ ਲਈ ਲੈਬ ਵਿੱਚ ਭੇਜ ਦਿੱਤਾ ਗਿਆ ਹੈ। ਡੀਵੀਆਰ ਨੂੰ ਖੁਰਦ-ਬੁਰਦ ਕਰਨ ਲਈ ਮੁਲਜ਼ਮਾਂ ਵੱਲੋਂ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਗਿਆ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਡੀਵੀਰ ਦੇ ਵਿੱਚ ਲੁੱਟ ਦੀ ਪੂਰੀ ਰਿਕਾਰਡਿੰਗ ਹੈ, ਜਿਸ ਤੋਂ ਕਈ ਅਹਿਮ ਖੁਲਾਸੇ ਵੀ ਹੋ ਸਕਦੇ ਹਨ।
18 ਮੁਲਜ਼ਮਾਂ ਗ੍ਰਿਫ਼ਤਾਰ: ਜ਼ਿਕਰੇ ਏ ਖਾਸ ਹੈ ਕਿ ਪੁਲਿਸ ਹੁਣ ਤੱਕ ਇਸ ਮਾਮਲੇ ਦੇ ਵਿੱਚ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਇਨ੍ਹਾਂ ਵਿੱਚ ਚਾਰ ਮੁਲਜ਼ਮ ਅਜਿਹੇ ਹਨ ਜਿਨ੍ਹਾਂ ਵੱਲੋਂ ਲੁੱਟੀ ਹੋਈ ਰਕਮ ਨੂੰ ਕਾਰ ਦੇ ਵਿੱਚੋਂ ਚੋਰੀ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਸੱਤ ਕਰੋੜ ਤੋਂ ਵਧੇਰੇ ਦੀ ਰਕਮ ਬਰਾਮਦ ਕੀਤੀ ਗਈ ਹੈ ਅਤੇ ਨਾਲ ਹੀ ਲੁੱਟ ਦੀ ਵਾਰਦਾਤ ਵਿੱਚ ਵਰਤੀ ਗਈ ਕਾਰ ਅਤੇ ਮੋਟਰਸਾਈਕਲ ਬਰਾਮਦ ਕਰ ਲਏ ਗਏ ਹਨ, ਪਰ ਹਾਲੇ ਤੱਕ ਵਾਰਦਾਤ ਦੇ ਵਿੱਚ ਵਰਤੇ ਗਏ ਹਥਿਆਰਾਂ ਦੀ ਰਿਕਵਰੀ ਨਹੀਂ ਹੋਈ ਹੈ। ਜਿਸ ਦੀ ਪੜਤਾਲ ਕਰਨ ਵਿੱਚ ਪੁਲਿਸ ਲੱਗੀ ਹੋਈ ਹੈ। ਪੁਲਿਸ ਨੂੰ ਉਮੀਦ ਹੈ ਕਿ ਇਹ ਹਥਿਆਰ ਕਿੱਥੋਂ ਲੈ ਗਏ ਸਨ ਉਸ ਤੋਂ ਵੀ ਵੱਡੇ ਲਿੰਕ ਸਾਹਮਣੇ ਆ ਸਕਦੇ ਹਨ।