ਅੰਮ੍ਰਿਤਸਰ: ਵਿਰਸਾ ਸਿੰਘ ਵਲਟੋਹਾ ਅਤੇ ਗਿਆਨੀ ਹਰਪ੍ਰੀਤ ਸਿੰਘ ਵਿਚਾਲੇ ਸ਼ਬਦੀ ਜੰਗ ਜਾਰੀ ਹੈ। ਇੱਕ-ਦੂਜੇ ਉੱਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਇਕ ਵਾਰ ਫਿਰ ਪ੍ਰੈਸ ਕਾਨਫਰੰਸ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਰਸਾ ਵਲਟੋਹਾ ਨੇ ਕਿਹਾ ਕਿ, "ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਝੂਠ ਬੋਲਦੇ ਹਨ। ਮੇਰੇ ਉੱਤੇ ਵਾਰ-ਵਾਰ ਗੱਲਾਂ ਕਰਕੇ ਮੈਂ ਅੱਕ ਗਿਆ ਜਿਸ ਦੇ ਚੱਲਦੇ ਮੈਨੂੰ ਉਸ ਬਾਰੇ ਬੋਲਣਾ ਪੈ ਰਿਹਾ ਹੈ, ਜਿਸ ਵਿਅਕਤੀ ਨੇ ਅਕਾਲੀ ਦਲ ਵਿਰੁੱਧ ਸਾਜਿਸ਼ਾਂ ਰਚੀਆਂ, ਜੋ ਸਾਬਕਾ ਜਥੇਦਾਰ ਕੌਮ ਅੱਗੇ ਉੱਚੀਆਂ-ਉੱਚੀਆਂ ਗੱਲਾਂ ਕਰਦੇ ਹਨ, ਪਰ ਝੂਠ ਬੋਲ ਰਹੇ ਹਨ।"
ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ, "ਅਸੀਂ ਅਕਤੂਬਰ 2024 ਨੂੰ ਮਿਲ ਕੇ ਸੁਖਬੀਰ ਬਾਦਲ ਦੇ ਪੈਂਡਿੰਗ ਕੇਸ ਸਬੰਧੀ ਨਿਮਰਤਾ ਸਹਿਤ ਅਪੀਲ ਕੀਤੀ ਸੀ। ਉੱਥੇ ਹੀ ਕੱਲ੍ਹ (ਮੰਗਲਵਾਰ) ਫ਼ਰੀਦਕੋਟ ਵਿਖੇ ਗਿਆਨੀ ਹਰਪ੍ਰੀਤ ਸਿੰਘ ਨੇ ਝੂਠ ਬੋਲਦਿਆਂ ਕਿਹਾ ਕਿ 2 ਦਸੰਬਰ ਤੋਂ ਪਹਿਲਾਂ ਇੱਕ ਲੀਡਰ ਸਾਨੂੰ ਅਧਿਕਾਰ ਖੇਤਰ ਸਿਖਾਉਣ ਆਇਆ ਸੀ, ਉਸ ਨੂੰ ਅਸੀਂ ਸੀਮਾ ਦੱਸ ਦਿੱਤੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਸ ਨੂੰ ਸੀਮਾ ਦੱਸਦੇ ਹੋਏ ਉਸ (ਵਿਰਸਾ ਸਿੰਘ ਵਲਟੋਹਾ) ਨੂੰ 10 ਸਾਲ ਲਈ ਅਕਾਲੀ ਦਲ ਤੋਂ ਕੱਢ ਦਿੱਤਾ। ਉਸ (ਵਲਟੋਹਾ) ਨੂੰ ਦੱਸ ਦਿੱਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਰਾਜਨੀਤਿਕ ਫੈਸਲੇ ਵੀ ਕਰ ਸਕਦਾ ਹੈ।"
"ਇੰਨਾ ਝੂਠ ਬੋਲਣਾ ਬੰਦ ਕਰ ਦਿਓ"
ਫਿਰ ਦੂਜਾ ਝੂਠ ਬੋਲਿਆ ਕਿ, "ਸ਼੍ਰੋਮਣੀ ਕਮੇਟੀ ਵਲੋਂ ਗਿਆਨੀ ਹਰਪ੍ਰੀਤ ਦੇ ਕੇਸ ਸਬੰਧੀ ਜਾਂਚ ਕਰ ਰਹੀ 3 ਮੈਂਬਰੀ ਕਮੇਟੀ ਵਿੱਚ ਵਲਟੋਹਾ ਨੇ ਬੁਰਜ ਜਵਾਹਰ ਸਬੰਧੀ ਝੂਠਾ ਬਿਆਨ ਦਰਜ ਕਰਵਾਇਆ। ਉਸ ਵੇਲ੍ਹੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜ਼ਕਾਰੀ ਜਥੇਦਰ ਗਿਆਨੀ ਹਰਪ੍ਰੀਤ ਸਿੰਘ ਨੇ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਅਤੇ ਇਹ ਰਿਪੋਰਟ 12 ਮਾਰਚ ਨੂੰ ਕਰਨੈਲ ਸਿੰਘ ਪੀਰ ਮੁਹੰਮਦ ਵਲੋਂ ਜਮਾਂ ਕਰਵਾਈ ਗਈ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਝੂਠ ਬੋਲਿਆ ਕਿ ਮੇਰੇ ਜਥੇਦਾਰ ਹੁੰਦਿਆਂ ਕੋਈ ਰਿਪੋਰਟ ਨਹੀਂ ਆਈ, ਜਦਕਿ ਰਿਕਾਰਡ ਵਿੱਚ ਦਰਜ ਹੈ ਕਿ 12 ਮਾਰਚ ਨੂੰ ਰਿਪੋਰਟ ਜਮਾਂ ਕਰਵਾਈ ਗਈ ਤੇ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਹੀ ਜਥੇਦਾਰ ਸਨ, ਜੋ ਕਿ ਅਕਤੂਬਰ 2023 ਤਕ ਜਥੇਦਾਰ ਰਹੇ।" ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇੰਨਾ ਝੂਠ ਬੋਲਣਾ ਬੰਦ ਕਰ ਦਿਓ।
"ਭਗਵੰਤ ਮਾਨ ਦੇ ਦੂਜੇ ਵਿਆਹ ਸਮੇਂ ਹੋਈ ਮਰਿਯਾਦਾ ਭੰਗ"
ਅੱਗੇ ਬੋਲਦਿਆਂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ, '7 ਜੁਲਾਈ 2023 ਵਿੱਚ ਭਗਵੰਤ ਮਾਨ ਦਾ ਦੂਜਾ ਵਿਆਹ ਹੋਇਆ। ਮੁੱਖ ਮੰਤਰੀ ਦੇ ਵਿਆਹ ਵਿੱਚ ਜਾਣ ਨਾਲ ਮਰਿਯਾਦਾ ਭੰਗ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਪਹੁੰਚੀ ਗੱਡੀ ਦੀ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਦਾ ਨੋਟਿਸ ਲੈਂਦਿਆਂ ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਮੰਗ ਪੱਤਰ ਦਿੱਤਾ ਗਿਆ ਸੀ। ਉਸ ਸਮੇਂ ਮਰਿਯਾਦਾ ਭੰਗ ਹੋਣ ਦੀਆਂ ਵੀਡੀਓਜ਼ ਅਨੇਕਾਂ ਚੈਨਲਾਂ ਉੱਤੇ ਚੱਲੀਆਂ ਸਨ। ਇਸ ਦਾ ਜਥੇਦਾਰ ਸਾਹਿਬ ਨੂੰ ਖੁਦ ਨੋਟਿਸ ਲੈਣਾ ਚਾਹੀਦਾ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੇ ਉੱਤੇ ਦੋਸ਼ ਲਾਇਆ ਕਿ ਮੈਨੂੰ ਕੀ ਪਤਾ ਕਿ ਉੱਥੇ ਕੀ ਹੋਇਆ, ਮੈਨੂੰ ਕਿਹੜਾ ਕਿਸੇ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਦਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਮੈਂਬਰਾਂ ਦੇ ਵਫਦ ਨਾਲ ਜਾ ਕੇ ਅਰਜ਼ੀ ਸਬੂਤਾਂ ਸਣੇ ਦਿੱਤੀ ਗਈ ਸੀ।'
ਵਿਰਸਾ ਸਿੰਘ ਵਲਟੋਹਾ ਵਲੋਂ ਉਹ ਵੀਡੀਓ ਵੀ ਸਾਂਝੀ ਕੀਤੀ ਗਈ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਖੁਦ ਬਾਈਟ ਦੇ ਰਹੇ ਹਨ ਕਿ ਐਡਵੋਕੇਟ ਧਾਮੀ ਵਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਲੀ ਗੱਡੀ ਦੀ ਤਲਾਸ਼ੀ ਲੈਣੀ ਬਹੁਤ ਗ਼ਲਤ ਹੈ। ਉਸ ਸਮੇਂ ਅਖ਼ਬਾਰਾਂ ਦੀਆਂ ਖ਼ਬਰਾਂ ਵੀ ਸਾਂਝੀਆਂ ਕੀਤੀਆਂ ਕਿ ਭਗਵੰਤ ਮਾਨ ਦੇ ਵਿਆਹ ਮੌਕੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਨੋਟਿਸ ਲਿਆ।
ਗਿਆਨੀ ਹਰਪ੍ਰੀਤ ਸਿੰਘ ਦੇ ਚਰਿੱਤਰ ਉੱਤੇ ਮੁੜ ਨਿਸ਼ਾਨਾ
ਵਿਰਸਾ ਸਿੰਘ ਵਲਟੋਹਾ ਨੇ ਮੁੜ ਗਿਆਨੀ ਹਰਪ੍ਰੀਤ ਸਿੰਘ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, "ਗਿਆਨੀ ਹਰਪ੍ਰੀਤ ਸਿੰਘ ਦੇ ਇੱਕ ਔਰਤ ਨਾਲ ਸਬੰਧ ਸੀ। ਉਹ 2019 ਤੋਂ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨਾਲ ਰਹੀ। ਉਸ ਨੂੰ ਬਹਿਰੀਨ ਲੈ ਕੇ ਜਾਂਦੇ ਰਹੇ ਤੇ ਉਸ ਔਰਤ ਨੂੰ ਆਪਣਾ ਪੀਏ ਦੱਸਦੇ ਰਹੇ ਜਿਸ ਦਾ ਬਹਿਰੀਨ ਦੀ ਸੰਗਤ ਨੇ ਨੋਟਿਸ ਵੀ ਲਿਆ। ਹੁਣ ਉਸ ਔਰਤ ਦੇ ਪਤੀ ਨੇ ਉਸ ਦੇ ਗਿਆਨੀ ਹਰਪ੍ਰੀਤ ਨਾਲ ਸਬੰਧਾਂ ਤੋਂ ਦੁਖੀ ਹੋ ਕੇ ਤਲਾਕ ਦੇ ਦਿੱਤਾ, ਪਰ ਉਸ ਦੇ ਸਬੰਧ ਗਿਆਨੀ ਹਰਪ੍ਰੀਤ ਨਾਲ ਬਰਕਰਾਰ ਹਨ।"
ਵਲਟੋਹਾ ਨੇ ਦੱਸਿਆ ਕਿ, "ਬਹਿਰੀਨ ਦੀ ਸੰਗਤ ਨੇ ਜਦੋਂ ਰਘਬੀਰ ਸਿੰਘ ਨੂੰ ਪੁੱਛਿਆ ਕਿ ਕੀ ਸਿੰਘ ਸਾਹਿਬ ਨਾਲ ਬੀਬੀ ਪੀਏ ਰੱਖੀ ਜਾ ਸਕਦੀ ਤਾਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਨਹੀਂ ਕੋਈ ਬੀਬੀ ਪੀਏ ਸਿੰਘ ਸਾਬ੍ਹ ਨਾਲ ਨਹੀਂ ਰੱਖੀ ਜਾ ਸਕਦੀ।"
ਪੰਜ ਪਿਆਰਿਆਂ ਸਾਹਮਣੇ ਤੁਸੀਂ ਪੇਸ਼ ਨਹੀਂ ਹੋਏ, ਸਗੋਂ ਹੁਕਮ ਦਿੱਤਾ
ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਕਿ, "ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਸੀ ਕਿ ਮੈਂ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋਇਆ, ਪਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ਼ 5 ਪਿਆਰਿਆਂ ਨੇ ਲਿੱਖ ਕੇ ਦਿੱਤਾ ਹੈ ਕਿ ਜਥੇਦਾਰ ਸਾਹਿਬ ਨੇ ਆਪਣੀ ਰਿਹਾਇਸ਼ ਉੱਤੇ ਬੁਲਾਇਆ ਸੀ, ਜਿਥੋਂ ਬਿਨਾਂ ਕੁੱਝ ਦੱਸੇ ਸ੍ਰੀ ਤਖ਼ਤ ਸਾਹਿਬ ਲੈ ਕੇ ਗਏ ਅਤੇ ਚੱਲਦਾ ਕੀਰਤਨ ਰੁਕਵਾ ਕੇ ਪੰਜ ਪਿਆਰੇ ਸਹਿਬਾਨ ਨੂੰ ਖੜਨ ਦਾ ਆਦੇਸ਼ ਦੇ ਕੇ ਆਪਣਾ ਸਪੱਸ਼ਟੀਕਰਨ ਦੇ ਦਿੱਤਾ ਜਿਸ ਦੇ ਚੱਲਦੇ ਗੁਰੂ ਘਰ ਦੀ ਮਰਿਯਾਦਾ ਭੰਗ ਕੀਤੀ ਗਈ।"
ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ, "2 ਦਸੰਬਰ ਨੂੰ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਹੋਵੇ ਅਤੇ ਧੜੇ ਆਪੋ-ਆਪਣੇ ਚੁੱਲ੍ਹੇ ਸਮੇਟਨ, ਜਦਕਿ ਗਿਆਨੀ ਹਰਪ੍ਰੀਤ ਸਿੰਘ ਆਪਣਾ ਅਲੱਗ ਹੀ ਚੁੱਲ੍ਹਾ ਚੁੱਕੀ ਫਿਰਦੇ ਹਨ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਹੈ।"
"ਮੇਰੇ ਉੱਤੇ ਦੋਸ਼ ਲਾ ਕੇ ਅਪਣਾ ਅਸਤੀਫ਼ਾ ਭੇਜਿਆ"
ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਝੂਠ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ 1925 ਦੇ ਗੁਰਦੁਆਰਾ ਐਕਟ ਤਹਿਤ ਸ਼੍ਰੋਮਣੀ ਕਮੇਟੀ ਵਲੋਂ ਅਨੇਕਾਂ ਸਿੰਘ ਸਾਹਿਬਾਨ ਨੂੰ ਸੇਵਾ ਦਿੱਤੀ ਗਈ ਤੇ ਸੇਵਾ ਮੁਕਤ ਵੀ ਕੀਤਾ ਗਿਆ। ਇਸੇ ਅਧਿਕਾਰ ਤਹਿਤ ਗਿਆਨੀ ਹਰਪ੍ਰੀਤ ਸਿੰਘ ਨੇ 16 ਅਕਤੂਬਰ 2024 ਨੂੰ ਦਮਦਮਾ ਸਾਹਿਬ ਵਿਖੇ ਇੱਕ ਵੀਡੀਓ ਪਾ ਕੇ ਮੇਰੇ 'ਤੇ ਦੋਸ਼ ਲਗਾਏ ਤੇ ਆਪਣਾ ਅਸਤੀਫ਼ਾ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਜਿਸ ਉੱਤੇ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਅਸਤੀਫ਼ਾ ਨਾ ਮਨਜ਼ੂਰ ਕਰਨ ਲਈ ਕਿਹਾ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹਰ ਆਦੇਸ਼ ਸਿਰਫ ਸ਼੍ਰੋਮਣੀ ਅਕਾਲੀ ਦਲ ਵਲੋਂ ਮੰਨਿਆ ਜਾਂਦਾ ਹੈ, ਪਰ ਅਨੇਕਾਂ ਧੜੇ ਜਾਂ ਜਥੇਬੰਦੀਆਂ ਨਹੀਂ ਮੰਨਦੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇੱਕ ਨਿੱਜੀ ਚੈਨਲ ਦਾ ਬਾਈਕਾਟ ਕਰਨ ਦਾ ਆਦੇਸ਼ ਦਿੱਤਾ ਸੀ, ਪਰ ਜਥੇਦਾਰ ਖੁਦ ਉਲ ਅਖ਼ਬਾਰ ਨੂੰ ਪੜ੍ਹਦੇ ਰਹੇ ਹਨ।
ਉੱਥੇ ਹੀ, ਸੱਜਣ ਕੁਮਾਰ ਨੂੰ ਉਮਰ ਕੈਦ ਹੋਣ ਉੱਤੇ ਵਲਟੋਹਾ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਸੀ। ਕਾਂਗਰਸੀ ਆਗੂਆਂ ਖਿਲਾਫ਼ ਸਾਰੇ ਦੋਸ਼ ਸੱਚ ਸਾਬਿਤ ਹੋਏ, ਪਰ ਸੱਜਣ ਕੁਮਾਰ ਫਾਂਸੀ ਦਾ ਹੱਕਦਾਰ ਸੀ।