ਲੁਧਿਆਣਾ: ਸ਼ਹਿਰ 'ਚ ਲਗਾਤਾਰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਲੁਧਿਆਣਾ ਦੇ ਦਾਬਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਬਚਨ ਗੈਸ ਏਜੰਸੀ ਦੀ ਨਕਦੀ ਜਮ੍ਹਾ ਕਰਵਾਉਣ ਜਾ ਰਹੇ ਕਰਿੰਦੇ ਤੋਂ ਰਸਤੇ ਵਿੱਚ ਹਥਿਆਰਾਂ ਦੀ ਨੋਕ 'ਤੇ ਪੈਸਿਆਂ ਨਾਲ ਭਰਿਆ ਬੈਗ ਲੁੱਟ ਲਿਆ, ਜਿਸ ਵਿੱਚ 11 ਲੱਖ 70 ਹਜ਼ਾਰ ਰੁਪਏ ਨਕਦੀ ਸੀ। ਕਰਿੰਦਾ 3 ਦਿਨਾਂ ਦੀ ਇਹ ਨਕਦੀ ਬੈਂਕ 'ਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਜਦੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਗੈਸ ਏਜੰਸੀ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ ਕਰਿੰਦਾ ਪਵਨਦੀਪ ਸਵੇਰੇ ਨਕਦੀ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ 3 ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਉਸ ਤੋਂ ਨਕਦੀ ਨਾਲ ਭਰਿਆ ਬੈਗ ਖੋਹ ਲਿਆ ਅਤੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਬੈਗ ਵਿੱਚ ਉਨ੍ਹਾਂ ਦੀ 3 ਦਿਨ ਦੀ ਨਕਦੀ ਸੀ ਜੋ ਬੈਂਕ 'ਚ ਜਮ੍ਹਾ ਕਰਵਾਉਣ ਜਾ ਰਿਹਾ ਸੀ।
ਇਹ ਵੀ ਪੜ੍ਹੋ: ਮੋਗਾ ਵਿਖੇ ਇੱਕ ਨੌਜਵਾਨ ਦੀ ਬੈਡਰੂਮ 'ਚੋਂ ਭੇਦਭਰੇ ਹਾਲਾਤਾਂ ਚ ਮਿਲੀ ਲਾਸ਼
ਉਧਰ ਮੌਕੇ 'ਤੇ ਪਹੁੰਚੇ ਏਸੀਪੀ ਸੰਦੀਪ ਵਡੇਰਾ ਨੇ ਦੱਸਿਆ ਕਿ 3 ਅਣਪਛਾਤਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲ ਹਥਿਆਰ ਸਨ ਜਾਂ ਨਹੀਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।