ਕਪੂਰਥਲਾ: ਬੇਮੌਸਮੀ ਬਾਰਿਸ਼ ਦੇ ਕਹਿਰ ਦੇ ਝੰਬੇ ਹੋਏ ਕਿਸਾਨ ਕਈ ਦਿਨਾਂ ਤੋਂ ਮਾਯੂਸ ਦਿਖਾਈ ਦੇ ਰਹੇ ਹਨ। ਜ਼ਿਲ੍ਹਾ ਕਪੂਰਥਲਾ ਦੇ ਕਈ ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਖ਼ਰਬੂਜੇ ਅਤੇ ਹਦਵਾਣੇ ਦੀ ਫਸਲ ਮੌਸਮ ਦੀ ਮਾਰ ਹੇਠ ਆਉਣ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਸੀ। ਜਿਸ ਕਰਕੇ ਕਿਸਾਨਾਂ ਦੇ ਚਿਹਰੇ ਉੱਤੇ ਨਿਰਾਸ਼ਾ ਪਾਈ ਜਾ ਰਹੀ ਹੈ।
ਬੇਮੌਸਮੀ ਬਰਸਾਤ ਕਾਰਨ ਫਸਲਾਂ ਪ੍ਰਭਾਵਿਤ: ਦੱਸ ਦਈਏ ਕਿ ਇਸ ਇਲਾਕੇ ਵਿਚ ਵੱਡੀ ਪੱਧਰ ’ਤੇ ਖਰਬੂਜਾ ਤੇ ਹਦਵਾਣੇ ਦੀ ਖੇਤੀ ਹੁੰਦੀ ਹੈ। ਇਸ ਕਰਕੇ ਹੀ ਇੱਥੋਂ ਦੀ ਮੰਡੀ ਰੂਪੇਵਾਲ ਨੂੰ ਖਰਬੂਜੇ ਅਤੇ ਹਦਵਾਣੇ ਦੀ ਏਸ਼ੀਆ ਦੀ ਮੰਡੀ ਵਜੋਂ ਜਾਣਿਆ ਜਾਂਦਾ ਹੈ। ਬੇਮੌਸਮੀ ਬਰਸਾਤ ਨੇ ਉਨ੍ਹਾਂ ਦੀ ਸਾਰੀ ਫਸਲ ਨੂੰ ਢਹਿ ਢੇਰੀ ਕਰ ਦਿੱਤਾ ਹੈ। ਗੜਿਆਂ ਦੀ ਮਾਰ ਇੰਨੀ ਭਿਆਨਕ ਸੀ ਕਿ ਅੱਧੇ ਪੱਕੇ ਖਰਬੂਜਿਆਂ ਤੇ ਹਦਵਾਣਿਆਂ ਵਿੱਚ ਵੱਡੀਆਂ-ਵੱਡੀਆਂ ਮੋਰੀਆਂ ਹੋ ਗਈਆਂ ਤੇ ਕੁੱਝ ਹਦਵਾਣੇ ਪਾਟੇ ਹੋਏ ਸਨ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਈ ਏਕੜ ਖਰਬੂਜੇ ਤੇ ਹਦਵਾਣੇ ਦੀ ਫਸਲ ਵਿਚੇ ਅੱਧੀ ਫਸਲ ਬੇਮੌਸਮੀ ਬਰਸਾਤ ਦੀ ਲਪੇਟ ਵਿਚ ਆ ਗਈ ਹੈ।
ਕਿਸਾਨਾਂ ਦੀ ਇੱਛਾਵਾਂ 'ਤੇ ਪਾਣੀ: ਇਸੇ ਇਲਾਕੇ ਦੇ ਇਕ ਕਿਸਾਨ ਨੇ ਆਪਣੀ ਬਰਬਾਦ ਹੋਈ ਫਸਲ ਦੇ ਦਰਦ ਨੂੰ ਬਿਆਨ ਕਰਦੇ ਹੋਏ ਕਿਹਾ ਕਿ ਮੌਸਮ ਦੀ ਮਾਰ ਨੇ ਉਨ੍ਹਾਂ ਦੀਆਂ ਸਾਰੀਆਂ ਇਛਾਵਾਂ ’ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਦੀ ਕਈ ਏਕੜ ਖਰਬੂਜੇ ਤੇ ਹਦਵਾਣੇ ਦੀ ਫਸਲ ਤਬਾਹ ਹੋ ਗਈ।ਉਨ੍ਹਾਂ ਕਿਹਾ ਕਿ ਮੀਂਹ ਦੇ ਨਾਲ ਚੱਲੇ ਤੇਜ਼ ਝੱਖੜ ਨੇ ਫਸਲ ਨੂੰ ਮੂਧੇ ਮੂੰਹ ਸੁੱਟ ਦਿੱਤਾ ਹੈ।
ਕਿਸਾਨਾਂ ਨੇ ਕੀਤੀ ਢੁੱਕਵੇ ਮੁਆਵਜ਼ੇ ਦੀ ਮੰਗ: ਇਸ ਦੌਰਾਨ ਹੀ ਪੀੜਤ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਪੰਜਾਬ ਵਿੱਚ ਪਹਿਲਾ ਮੌਸਮ ਠੰਢਾ ਹੋਣ ਕਰਕੇ ਖ਼ਰਬੂਜੇ ਤੇ ਹਦਵਾਣੇ ਬਲਾਈਡ ਤੇ ਵਾਇਰਸ ਦੀ ਲਪੇਟ ਵਿੱਚ ਆਈ ਸੀ ਅਤੇ ਉਹਨਾਂ ਨੇ ਕਾਫੀ ਰੁਪਏ ਖਰਚ ਕਰਕੇ ਖ਼ਰਬੂਜੇ ਨੂੰ ਬਿਮਾਰੀ ਤੋਂ ਬਚਾ ਲਿਆ ਸੀ,ਪਰ ਬਾਅਦ ਵਿੱਚ ਕੁਦਰਤ ਦੀ ਮਾਰ ਪੈ ਗਈ। ਇਸੇ ਦੌਰਾਨ ਹੀ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਢੁੱਕਵੇ ਮੁਆਵਜ਼ੇ ਦੀ ਮੰਗ ਕੀਤੀ ਹੈ।