ਕਪੂਰਥਲਾ: ਤਾਲਾਬੰਦੀ ਵਿੱਚ ਲੇਬਰ ਸਮੱਸਿਆ ਦੇ ਚੱਲਦੇ ਇਸ ਵਾਰ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨੂੰ ਅਹਿਮੀਅਤ ਦੇ ਰਹੇ ਹਨ। ਕਪੂਰਥਲਾ ਜ਼ਿਲ੍ਹੇ ਵਿੱਚ ਲਗਭਗ 70-80 ਫੀਸਦੀ ਖੇਤਾਂ ਵਿੱਚ ਸਿੱਧੀ ਬਿਜਾਈ ਨਾਲ ਝੋਨਾ ਬੀਜਿਆ ਜਾ ਰਿਹਾ ਹੈ।
ਇਸ ਦੌਰਾਨ ਸਿੱਧੀ ਬਿਜਾਈ ਨਾਲ ਬੀਜਿਆ ਝੋਨਾ ਨਾ ਉਗਣ ਕਾਰਨ ਕੁਝ ਕਿਸਾਨ ਨਿਰਾਸ਼ ਵੀ ਹਨ ਤੇ ਇਨ੍ਹਾਂ ਕਿਸਾਨਾਂ ਨੇ ਬੀਜੇ ਝੋਨੇ ਨੂੰ ਵਾਹੁਣਾ ਸ਼ੁਰੂ ਕਰ ਦਿੱਤਾ ਹੈ। ਕਪੂਰਥਲਾ ਦੇ ਪਿੰਡ ਗਾਜੀਪੁਰ ਵਿੱਚ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਨਾਲ ਬੀਜਿਆ ਤਕਰੀਬਨ 20 ਏਕੜ ਤੋ ਜ਼ਿਆਦਾ ਝੋਨਾ ਨਾ ਉਗਣ ਕਾਰਨ ਕਿਸਾਨ ਵਾਹੁਣ ਲਈ ਮਜਬੂਰ ਹੋ ਗਏ ਹਨ। ਤਾਂ ਕਿ ਕਿਸਾਨ ਝੋਨੇ ਦੀ ਦੁਬਾਰਾ ਬਿਜਾਈ ਕਰ ਸਕਣ।
ਕਿਸਾਨ ਕੁਲਦੀਪ ਸਿੰਘ ਮੁਤਾਬਕ ਉਸ ਨੇ 8 ਏਕੜ ਝੋਨਾ ਸਿੱਧੀ ਬਿਜਾਈ ਨਾਲ ਲਗਾਇਆ ਸੀ, ਜਿਸ ਵਿੱਚ 75 % ਬੀਜ ਉਗਿਆ ਹੀ ਨਹੀਂ ਤੇ ਉਹ ਹੁਣ ਇਸ ਦੀ ਵੁਹਾਈ ਕਰ ਦੁਬਾਰਾ ਝੋਨਾ ਬੀਜਣ ਦੀ ਤਿਆਰੀ ਕਰ ਰਹੇ ਹਨ। ਕੁਲਦੀਪ ਮੁਤਾਬਕ ਉਨ੍ਹਾਂ ਨੂੰ ਲਗਦਾ ਹੈ, ਉਨ੍ਹਾਂ ਵੱਲੋਂ ਬੀਜਿਆ ਬੀਜ ਸਹੀ ਨਹੀਂ ਸੀ ਉਨ੍ਹਾਂ ਕਿਹਾ ਹੋ ਸਕਦਾ ਕਿ ਇਹ ਬੀਜ ਨਕਲੀ ਕੁਆਲਿਟੀ ਦਾ ਹੋਵੇ।
ਇਸੇ ਤਰ੍ਹਾਂ ਹੀ ਕਿਸਾਨ ਗੁਰਮੀਤ ਸਿੰਘ ਨੇ ਵੀ 11 ਏਕੜ ਝੋਨਾ ਸਿੱਧੀ ਬਿਜਾਈ ਨਾਲ ਬੀਜਿਆ ਸੀ ਤੇ ਉਨ੍ਹਾਂ ਦਾ ਵੀ ਝੋਨਾ ਉਗਿਆ ਨਹੀਂ ਤੇ ਉਹ ਵੀ ਹੁਣ ਦੁਬਾਰਾ ਬੀਜ ਰਹੇ ਹਨ। ਇਸ ਤੋਂ ਇਲਾਵਾ ਦੋ ਹੋਰ ਕਿਸਾਨ ਵੀ ਸਿੱਧੀ ਬਿਜਾਈ ਨਾਲ ਬੀਜਿਆ ਝੋਨਾ ਵਾਹ ਕੇ ਦੌਬਾਰਾ ਬੀਜਣ ਦੀ ਤਿਆਰੀ ਕਰ ਰਹੇ ਹਨ।
ਖੇਤੀਬਾੜੀ ਵਿਭਾਗ ਦੇ ਆਧਿਕਾਰੀ ਪਰਮਿੰਦਰ ਕੁਮਾਰ ਨੇ ਕਿਹਾ ਕਿ ਕਿਸਾਨਾਂ ਨੇ ਸਹੀ ਤਕਨੀਕ ਨਾਲ ਝੋਨਾ ਨਹੀਂ ਬੀਜਿਆ ਸੀ, ਇਸ ਲਈ ਝੋਨਾ ਉਗਿਆ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਦਾ ਧਿਆਨ ਰੱਖਣ ਤੇ ਉਨ੍ਹਾਂ ਦੀਆਂ ਹਿਦਾਇਤਾ ਮੁਤਾਬਕ ਹੀ ਝੋਨੇ ਦੀ ਬਿਜਾਈ ਤੇ ਪਾਲਣ ਪੋਸਣ ਕਰਨ।