ਅੰਮ੍ਰਿਤਸਰ : ਬੀਤੇ ਦਿਨੀਂ ਮਨਜੀਤ ਸਿੰਘ ਨਾਂਅ ਦੇ ਵਿਅਕਤੀ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਦਰਿਆ ਬਿਆਸ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਮਨਜੀਤ ਸਿੰਘ ਨੂੰ ਤਰਨ ਤਾਰਨ ਵਿਖੇ ਬਦਲੇ ਭੇਸ ਵਿੱਚ ਕਾਬੂ ਕੀਤਾ ਗਿਆ। ਮਨਜੀਤ ਸਿੰਘ ਨੇ ਜਤਿੰਦਰ ਸਿੰਘ ਲਾਡੀ ਅਤੇ ਉਸ ਦੇ ਸਾਥੀਆਂ 'ਤੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮ ਲਗਾਏ ਸਨ।
ਮਨਜੀਤ ਸਿੰਘ ਨੇ ਆਪਣੀ ਵੀਡੀਓ ਵਿੱਚ ਕਿਹਾ ਸੀ ਕਿ ਉਹ ਲਾਡੀ ਅਤੇ ਉਸ ਦੇ ਸਾਥੀਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਰਿਹਾ ਹੈ। ਇਸੇ ਤੋਂ ਬਾਅਦ ਪੁਲਿਸ ਨੇ ਮਨਜੀਤ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਅਧਾਰ 'ਤੇ ਜਤਿੰਦਰ ਸਿੰਘ ਲਾਡੀ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ।
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਜਤਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਮਨਜੀਤ ਸਿੰਘ ਨੇ ਸਮਾਜ ਸੇਵਾ ਦੇ ਨਾਂਅ 'ਤੇ ਉਨ੍ਹਾਂ ਨਾਲ ਕਣਕ ਅਤੇ ਨਕਦ ਦੀ ਵੱਡੀ ਠੱਗੀ ਮਾਰੀ ਹੈ। ਉਨ੍ਹਾਂ ਕਿਹਾ ਮਨਜੀਤ ਸਿੰਘ ਨੇ ਤਾਲਾਬੰਦੀ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਦੇਣ ਲਈ ਉਨ੍ਹਾਂ ਤੋਂ ਕਣਕ ਅਤੇ ਨਕਦੀ ਲਈ ਸੀ। ਜਦੋਂ ਉਨ੍ਹਾਂ ਵੱਲੋਂ ਆਪਣੀ ਕਣਕ ਦੀ ਕੀਮਤ ਅਤੇ ਨਕਦੀ ਦੀ ਮੰਗ ਕੀਤੀ ਗਈ ਤਾਂ ਉਹ ਟਾਲ ਮਟੋਲ ਕਰਨ ਲੱਗਿਆ। ਇਸ ਤੋਂ ਬਾਅਦ ਮਨਜੀਤ ਸਿੰਘ ਨੇ ਦਰਿਆ ਬਿਆਸ ਵਿੱਚ ਡੁੱਬ ਕੇ ਖ਼ੁਦਕੁਸ਼ੀ ਦਾ ਡਰਾਮਾ ਰਚਿਆ।
ਲਾਡੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਮਨਜੀਤ ਸਿੰਘ ਜਿਉਂਦਾ ਹੈ। ਇਸ ਲਈ ਉਨ੍ਹਾਂ ਨੇ ਇਸ ਦੀ ਭਾਲ ਸ਼ੂਰੂ ਕਰ ਦਿੱਤੀ। ਭਾਲ ਦੇ ਦੌਰਾਨ ਇਹ ਵਿਅਕਤੀ ਤਰਨ ਤਾਰਨ ਵਿਖੇ ਬਦਲੇ ਭੇਸ ਹੋਏ ਵਿੱਚ ਮਿਲਿਆ ਹੈ। ਇਸ ਨੂੰ ਉੱਥੇ ਹੀ ਤਰਨ ਤਾਰਨ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਸੀ।
ਥਾਣਾ ਢਿੱਲਵਾਂ ਦੇ ਐੱਸਐੱਚਓ ਹਰਜਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਨਜੀਤ ਸਿੰਘ ਨੇ ਕੁਝ ਦਿਨ ਪਹਿਲਾਂ ਖ਼ੁਦਕੁਸ਼ੀ ਕਰਨ ਦੀ ਵੀਡੀਓ ਪਾਈ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਦੀ ਲਾਸ਼ ਨੂੰ ਦਰਿਆ ਵਿੱਚੋਂ ਲੱਭਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਇਸ ਦੀ ਲਾਸ਼ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਤਰਨ ਤਾਰਨ ਪੁਲਿਸ ਦਾ ਫੋਨ ਆਇਆ ਕਿ ਕੁਝ ਇਸੇ ਤਰ੍ਹਾਂ ਦਾ ਵਿਅਕਤੀ ਉਨ੍ਹਾਂ ਨੇ ਹਿਰਾਸਤ ਵਿੱਚ ਲਿਆ ਹੈ।
ਇਸ ਤੋਂ ਬਾਅਦ ਉਨ੍ਹਾਂ ਨੇ ਤਰਨ ਤਾਰਨ ਪਹੁੰਚ ਕੇ ਜਦੋਂ ਤਫਤੀਸ਼ ਕੀਤੀ ਤਾਂ ਇਹ ਮਨਜੀਤ ਸਿੰਘ ਨੇ ਹੀ ਨਿਕਿਲਿਆ। ਉਨ੍ਹਾਂ ਕਿਹਾ ਕਿ ਇਸ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਨਾਲ ਹੀ ਜਤਿੰਦਰ ਸਿੰਘ ਲਾਡੀ 'ਤੇ ਦਰਜ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।