ਜਲੰਧਰ: ਪੰਜਾਬ ਦੇ ਬਹੁਤ ਸਾਰੇ ਇਲਾਕੇ ਹੜ੍ਹ ਦੀ ਲਪੇਟ 'ਚ ਆਏ ਹੋਏ ਹਨ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜ੍ਹ ਕਾਰਨ ਜਲੰਧਰ ਦਾ ਇਲਾਕਾ ਲੋਹੀਆਂ ਵੀ ਕਾਫ਼ੀ ਪ੍ਰਭਾਵਿਤ ਹੋਇਆ ਹੈ। ਹੜ੍ਹ ਪੀੜਤਾਂ ਦੀ ਮਦਦ ਲਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਥਾਂ-ਥਾਂ ਲੰਗਰ ਲਗਾਏ ਜਾ ਰਹੇ ਹਨ ਪਰ ਇਸ ਸਭ ਵਿੱਚ ਇਲਾਕੇ ਦੇ ਕੁਝ ਦੋਸਤਾਂ ਦੀ ਟੋਲੀ ਉਨ੍ਹਾਂ ਬੇਜ਼ੁਬਾਨ ਜਾਨਵਰਾਂ ਲਈ ਚਾਰਾ ਪਹੁੰਚਾਉਣ ਦਾ ਕੰਮ ਕਰ ਰਹੀ ਹੈ।
ਇਨ੍ਹਾਂ ਦੋਸਤਾਂ ਦੀ ਟੋਲੀ ਸਵੇਰੇ ਛੇ ਵਜੇ ਆਪਣੀਆਂ ਟਰਾਲੀਆਂ ਵਿੱਚ ਪਸ਼ੂਆਂ ਦਾ ਚਾਰਾ ਲੈ ਕੇ ਨਿਕਲਦੀ ਹੈ ਅਤੇ ਸ਼ਾਮ ਅੱਠ ਵਜੇ ਤੱਕ ਲੋਕਾਂ ਨੂੰ ਘਰ-ਘਰ ਜਾ ਕੇ ਪਸ਼ੂਆਂ ਲਈ ਚਾਰਾ ਪਹੁੰਚਾਉਂਦੀ ਹੈ। ਇਹੀ ਨਹੀਂ ਲੋਕ ਇਨ੍ਹਾਂ ਨੌਜਵਾਨਾਂ ਨੂੰ ਫ਼ੋਨ ਕਰਕੇ ਵੀ ਆਪਣੇ ਪਸ਼ੂਆਂ ਲਈ ਚਾਰਾ ਮੰਗਵਾਉਂਦੇ ਹਨ। ਬੇਜ਼ੁਬਾਨ ਜਾਨਵਰਾਂ ਲਈ ਚਾਰੇ ਦੀ ਸੇਵਾ ਕਰਨ ਵਾਲੇ ਇਨ੍ਹਾਂ ਯਾਰਾਂ ਦੀ ਟੋਲੀ ਦੀ ਪੂਰੇ ਇਲਾਕੇ ਵਿੱਚ ਚਰਚਾ ਅਤੇ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਸਮੇਂ ਲੋਹੀਆਂ ਇਲਾਕੇ ਦੇ ਲੋਕ ਹੜ੍ਹ ਦੀ ਮਾਰ ਹੇਠ ਆ ਰਹੇ ਹਨ ਅਤੇ ਕੁੱਝ ਦਿਨਾਂ ਬਾਅਦ ਇੱਥੇ ਹਾਲਾਤ ਠੀਕ ਵੀ ਹੋ ਜਾਣਗੇ ਪਰ ਇਲਾਕੇ ਦੇ ਲੋਕ ਕਦੇ ਵੀ ਇਸ ਯਾਰਾਂ ਦੀ ਟੋਲੀ ਨੂੰ ਨਹੀਂ ਭੁੱਲਣਗੇ ਜੋ ਇਸ ਮੁਸ਼ਕਿਲ ਘੜੀ ਵਿੱਚ ਉਨ੍ਹਾਂ ਬੇਜ਼ੁਬਾਨ ਜਾਨਵਰਾਂ ਲਈ ਕੰਮ ਕਰ ਰਹੀ ਹੈ।