ਬਠਿੰਡਾ: ਭ੍ਰਿਸ਼ਟਾਚਾਰ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਬਠਿੰਡਾ ਵਿਜੀਲੈਂਸ ਵਿਭਾਗ ਨੇ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ 5ਵੀਂ ਕਮਾਂਡੋ ਦੇ ਸਿਪਾਹੀ ਨਛੱਤਰ ਸਿੰਘ ਨੂੰ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡੀਐੱਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਪਾਹੀ ਪਰਮਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ 5ਵੀਂ ਕਮਾਂਡੋ ਬਟਾਲੀਅਨ ਵਿੱਚ ਤੈਨਾਤ ਸੀਡੀਓ ਤਰਸੇਮ ਸਿੰਘ ਵੱਲੋਂ ਵਿਭਾਗੀ ਜਾਂਚ ਵਿੱਚ ਮਦਦ ਕਰਨ ਦੇ ਨਾਂ ਉੱਤੇ 50 ਹਜ਼ਾਰ ਰਿਸ਼ਵਤ ਦੀ ਮੰਗ ਕੀਤੀ ਗਈ ਸੀ।
50,000 ਦੀ ਰਿਸ਼ਵਤ ਦੀ ਕੀਤੀ ਮੰਗ
ਦੱਸ ਦਈਏ ਕਿ ਪਰਮਿੰਦਰ ਸਿੰਘ ਖਿਲਾਫ਼ ਵਿਭਾਗੀ ਕਾਰਵਾਈ ਹੋਣ ਕਾਰਨ ਉਸ ਦੀ 2 ਸਾਲ ਦੀ ਸਰਵਿਸ ਕੱਟੀ ਗਈ ਸੀ। ਤਰਸੇਮ ਸਿੰਘ ਨੇ 2 ਸਾਲ ਦੀ ਸਰਵਿਸ ਬਹਾਲ ਕਰਾਉਣ ਲਈ 50,000 ਦੀ ਰਿਸ਼ਵਤ ਮੰਗੀ ਸੀ ਅਤੇ ਕਿਹਾ ਗਿਆ ਸੀ ਕਿ ਉਹ ਇਹ ਸਾਰੇ ਪੈਸੇ ਨਛੱਤਰ ਸਿੰਘ ਨੂੰ ਦੇ ਦਵੇ। ਪਰਮਿੰਦਰ ਸਿੰਘ ਵੱਲੋਂ ਤਰਸੇਮ ਸਿੰਘ ਖਿਲਾਫ ਸ਼ਿਕਾਇਤ ਕਰਨ ਤੋਂ ਬਾਅਦ ਜਦੋਂ ਵਿਜੀਲੈਂਸ ਵਿਭਾਗ ਬਠਿੰਡਾ ਵੱਲੋਂ ਟਰੈਪ ਲਗਾਇਆ ਗਿਆ ਤਾਂ ਤਰਸੇਮ ਸਿੰਘ ਵੱਲੋਂ ਰਿਸ਼ਵਤ ਦੇ ਪੈਸੇ ਨਛੱਤਰ ਸਿੰਘ ਨੂੰ ਫੜਾਉਣ ਲਈ ਕਿਹਾ ਗਿਆ। ਨਛੱਤਰ ਸਿੰਘ ਨੂੰ ਰਿਸ਼ਵਤ ਦੇ ਪੈਸੇ ਲੈਂਦੇ ਹੋਏ ਵਿਜਲੈਂਸ ਵਿਭਾਗ ਨੇ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ।
ਤਰਸੇਮ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ
ਅਧਿਕਾਰੀਆਂ ਦਾ ਕਹਿਣਾ ਹੈ ਕਿ ਨਛੱਤਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਤਰਸੇਮ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।