ਲੁਧਿਆਣਾ: ਸ਼ਹਿਰ ਵਿੱਚ ਉਸ ਸਮੇਂ ਹੰਗਾਮਾ ਹੋਇਆ, ਜਦੋਂ ਲੋਕਾਂ ਅਤੇ ਪੁਲਿਸ ਨੇ 2 ਅਜਿਹੇ ਮੁਲਜ਼ਮਾਂ ਨੂੰ ਕਾਬੂ ਕੀਤਾ, ਜੋ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਵੱਲੋਂ ਨਸ਼ੇ ਦੇ ਆਦੀ 2 ਮੁਲਜ਼ਮਾਂ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਕਾਬੂ ਕੀਤਾ ਗਿਆ ਹੈ। ਦੋਵੇਂ ਮੁਲਜ਼ਮ ਲੁਧਿਆਣਾ ਦੇ ਦੁਗਰੀ ਅਤੇ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਹਨ।
ਹੋਰ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ ਮੁਲਜ਼ਮ
ਲੋਕਾਂ ਨੇ ਉਸ ਵੇਲੇ ਇਨ੍ਹਾਂ ਨੂੰ ਦੁਗਰੀ ਨੇੜੇ ਕਾਬੂ ਕੀਤਾ ਜਦੋਂ ਹਥਿਆਰਾਂ ਦੇ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਲੋਕਾਂ ਨੇ ਇਨ੍ਹਾਂ ਨੂੰ ਮੌਕੇ ਉੱਤੇ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਬੁਲਾ ਕੇ ਨਸ਼ੇੜੀਆਂ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਮੁਲਜ਼ਮਾਂ ਦੇ ਕੋਲੋਂ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਲਗਾਤਾਰ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਮੁਲਜ਼ਮਾਂ ਕੋਲੋਂ ਤੇਜ਼ਧਾਰ ਹਥਿਆਰ ਬਰਾਮਦ, ਨਸ਼ੇ ਦੇ ਆਦੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਤਮ ਨਗਰ ਚੌਂਕੀ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਉੱਤੇ ਪਹਿਲਾਂ ਵੀ ਦੋ-ਤਿੰਨ ਮੁਕਦਮੇ ਦਰਜ ਹਨ ਅਤੇ ਅਸੀਂ ਇਸ ਦੀ ਡੁੰਘਾਈ ਨਾਲ ਜਾਂਚ ਕਰ ਰਹੇ ਹਾਂ। ਮੁਲਜ਼ਮਾਂ ਵੱਲੋਂ ਕਿਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ, ਇਹ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਮਾੜੇ ਅਨਸਰ ਨਸ਼ੇ ਦੇ ਆਦੀ ਹਨ ਅਤੇ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸੀ, ਜਦੋਂ ਲੋਕਾਂ ਨੇ ਸਾਨੂੰ ਇਸ ਬਾਰੇ ਇਤਲਾਹ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੋਂ ਦੋ ਦਾਤ ਵੀ ਬਰਾਮਦ ਹੋਏ ਹਨ। ਬਾਕੀ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਪੁਲਿਸ ਰਿਮਾਂਡ ਤੇ ਲੈ ਕੇ ਅੱਗੇ ਜੇਲ੍ਹ ਵਿੱਚ ਭੇਜਿਆ ਜਾਵੇਗਾ।