ਜਲੰਧਰ: ਜ਼ਿਲ੍ਹੇ ਦਾ ਸਿਵਲ ਹਸਪਤਾਲ ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿੱਚ ਮਰੀਜ਼ ਅਤੇ ਉਨ੍ਹਾਂ ਦਾ ਰਿਸ਼ਤੇਦਾਰ ਹਮੇਸ਼ਾ ਮੌਜੂਦ ਰਹਿੰਦੇ ਹਨ। ਅਜਿਹੇ ਵਿੱਚ ਇਸ ਪੰਜ ਮੰਜ਼ਿਲਾ ਹਸਪਤਾਲ ਨੂੰ ਅੱਗ ਤੋਂ ਬਚਾਉਣ ਲਈ ਜਗ੍ਹਾ-ਜਗ੍ਹਾ ਉਪਰ ਅੱਗ ਬੁਝਾਉਣ ਵਾਲੇ ਯੰਤਰ ਅਤੇ ਬੋਰ ਕਰਕੇ ਪਾਈਪਾਂ ਲਗਾਈਆਂ ਗਈਆਂ ਹਨ। ਸਿਵਲ ਹਸਪਤਾਲ ਅੰਦਰ ਦਾਖ਼ਲ ਹੁੰਦਿਆਂ ਹੀ ਇਸ ਤਰ੍ਹਾਂ ਦੇ ਅੱਗ ਬੁਝਾਉਣ ਵਾਲੇ ਸਿਲੰਡਰ ਅਤੇ ਹੋਰ ਉਪਕਰਨ ਹਰ ਵਾਰਡ ਦੇ ਬਾਹਰ ਅਤੇ ਹਰ ਮੰਜ਼ਿਲ ਉੱਤੇ ਲੱਗੇ ਹੋਏ ਨਜ਼ਰ ਆਉਂਦੇ ਹਨ। ਇਨ੍ਹਾਂ ਸਾਰੇ ਉਪਕਰਨਾਂ ਉਪਰ ਬਕਾਇਦਾ ਇੰਨ੍ਹਾਂ ਦੀ ਟੈਸਟ ਰਿਪੋਰਟ ਅਤੇ ਉਨ੍ਹਾਂ ਮੁਫ਼ਤ ਟੈਸਟ ਦੇ ਨਾਲ ਨਾਲ ਐਕਸਪਾਇਰ ਹੋਣ ਦੀ ਤਰੀਕ ਲਿਖੀ ਹੋਈ ਹੈ।
ਹਾਲਾਂਕਿ ਕੁਝ ਦਿਨ ਪਹਿਲਾਂ ਸਿਵਲ ਹਾਸਪਤਾਲ ਦੇ ਪੂਰੇ ਸਟਾਫ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਇੰਨ੍ਹਾਂ ਉਪਕਰਨਾਂ ਨੂੰ ਇਸਤੇਮਾਲ ਕਰਨਾ ਵੀ ਸਿਖਾਇਆ ਗਿਆ ਹੈ ਪਰ ਇਸ ਸਭ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਜੇ ਇੰਨਾ ਕੁਝ ਹੁੰਦਿਆਂ ਹੋਇਆ ਵੀ ਅੰਮ੍ਰਿਤਸਰ ਵਰਗੀ ਘਟਨਾ ਘਟਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੈ? ਹੁਣ ਦੇਖਣਾ ਇਹ ਹੈ ਕਿ ਜੇ ਕਦੀ ਇੰਨ੍ਹਾਂ ਦੀ ਲੋੜ ਪੈਂਦੀ ਹੈ ਤਾਂ ਇਹ ਜੰਤਰ ਕਿੰਨਾ ਕੁ ਕੰਮ ਆਉਂਦੇ ਹਨ।
ਸਿਵਲ ਹਸਪਤਾਲ ਦੇ ਅੰਦਰ ਲੱਗੇ ਇਨ੍ਹਾਂ ਉਪਕਰਨਾਂ ਬਾਰੇ ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲੇ ਸਿਵਲ ਹਸਪਤਾਲ ਵਿੱਚ ਇਸ ਚੀਜ਼ ਨੂੰ ਲੈ ਕੇ ਸਿਵਲ ਹਸਪਤਾਲ ਦੇ ਸਟਾਫ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਗਈ ਸੀ। ਇਹੀ ਨਹੀਂ ਇਸ ਦੇ ਨਾਲ ਨਾਲ ਅੱਗ ਨੂੰ ਲੈ ਕੇ ਜੋ ਕਮੀਆਂ ਇੱਥੇ ਪਾਈਆਂ ਗਈਆਂ ਉਸ ਬਾਰੇ ਵੀ ਸਿਵਲ ਹਸਪਤਾਲ ਦੇ ਅਫ਼ਸਰਾਂ ਨੂੰ ਅਗਾਹ ਕੀਤਾ ਗਿਆ ਹੈ ਤਾਂ ਕਿ ਉਸ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾ ਸਕੇ।
ਫਾਇਰ ਬ੍ਰਿਗੇਡ ਅਫ਼ਸਰ ਰਾਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕਿਸੇ ਵੀ ਸੂਰਤ ਵਿਚ ਅੱਗ ਲੱਗਣ ਦੀ ਘਟਨਾ ’ਤੇ ਕਾਬੂ ਪਾਉਣ ਲਈ ਕੁੱਲ ਛੱਬੀ ਗੱਡੀਆਂ ਹਨ ਜਿੰਨ੍ਹਾਂ ਵਿੱਚੋਂ ਅਠਾਰਾਂ ਗੱਡੀਆਂ ਵੱਡੀਆਂ , ਦੋ ਛੋਟੀਆਂ ਗੱਡੀਆਂ , ਚਾਰ ਗੱਡੀਆਂ ਜਿੰਨ੍ਹਾਂ ਦਾ ਨਾਮ ਯੋਧੇ ਰੱਖਿਆ ਗਿਆ ਹੈ ਦੇ ਨਾਲ ਨਾਲ ਚਾਰ ਮੋਟਰਸਾਈਕਲ ਵੀ ਹਨ ਤਾਂ ਕਿ ਅੱਗ ਲੱਗਣ ਦੀ ਸੂਰਤ ਵਿੱਚ ਕਿਸੇ ਵੀ ਇਲਾਕੇ ਵਿੱਚ ਜਲਦੀ ਪਹੁੰਚਿਆ ਜਾ ਸਕੇ। ਰਾਜਿੰਦਰ ਕੁਮਾਰ ਦੇ ਮੁਤਾਬਕ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਲੱਗੇ ਹਰ ਉਪਕਰਨ ਦੀ ਜਾਂਚ ਕੀਤੀ ਗਈ ਹੈ ਅਤੇ ਬਕਾਇਦਾ ਉਸ ਉਪਰ ਉਸ ਦੀ ਰਿਪੋਰਟ ਵੀ ਲਿਖੀ ਗਈ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਜੋ ਖ਼ਾਮੀਆਂ ਹਨ ਉਹ ਪੂਰੀਆਂ ਕਰਨ ਦਾ ਭਰੋਸਾ ਹਸਪਤਾਲ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਹੈ।
ਫਿਲਹਾਲ ਖੁਦ ਫ਼ਾਇਰ ਬ੍ਰਿਗੇਡ ਅਫ਼ਸਰਾਂ ਦਾ ਇਹ ਕਹਿਣਾ ਕਿ ਸਿਵਲ ਹਸਪਤਾਲ ਅੰਦਰ ਅਜੇ ਵੀ ਅੱਗ ਦੀ ਘਟਨਾ ਦੇ ਚਲਦੇ ਕਈ ਖਾਮੀਆਂ ਹਨ। . ਹੁਣ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਲੱਗੀ ਅੱਗ ਤੋਂ ਬਾਅਦ ਜਲੰਧਰ ਦੇ ਸਿਵਲ ਹਸਪਤਾਲ ਪ੍ਰਸ਼ਾਸਨ ਨੂੰ ਵੀ ਸਬਕ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਹਸਪਤਾਲ ’ਚ ਅੱਗ ਲੱਗਣ ਕਾਰਨ ਹੋਏ ਕਈ ਧਮਾਕੇ, ਮੱਚਿਆ ਹੜਕੰਪ